ਭਾਰੀ ਬਰਫਬਾਰੀ ਕਾਰਨ ਰਸਤੇ ਹੋਏ ਬੰਦ, 3 ਵਿਦੇਸ਼ੀਆਂ ਸਮੇਤ 70 ਸੈਲਾਨੀ ਫਸੇ
Sunday, Feb 24, 2019 - 03:37 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਕਈ ਦਿਨਾਂ ਤੋਂ ਭਾਰੀ ਬਰਫਬਾਰੀ ਪੈ ਰਹੀ ਹੈ। ਬਰਫਬਾਰੀ ਕਾਰਨ ਐਤਵਾਰ ਯਾਨੀ ਕਿ ਅੱਜ ਨੈਸ਼ਨਲ ਹਾਈਵੇਅ-5 'ਤੇ ਕਿੱਬਰ ਤੋਂ ਕਾਜ਼ਾ ਵਿਚਾਲੇ ਕਈ ਥਾਂਵਾਂ 'ਤੇ 3 ਵਿਦੇਸ਼ੀਆਂ ਸਮੇਤ 70 ਸੈਲਾਨੀ ਫਸ ਗਏ ਹਨ। ਇਨ੍ਹਾਂ ਰਸਤਿਆਂ 'ਤੇ ਬਰਫੀਲੇ ਤੂਫਾਨ ਕਾਰਨ ਰਸਤੇ ਬੰਦ ਹੋ ਗਏ ਹਨ ਅਤੇ ਸੜਕਾਂ ਬੰਦ ਹੋ ਗਈਆਂ ਹਨ। ਕਈ ਥਾਂਵਾਂ 'ਤੇ ਬਰਫ ਖਿਸਕਣ ਦੀਆਂ ਖਬਰਾਂ ਹਨ। ਬੀਤੇ ਬੁੱਧਵਾਰ ਨੂੰ ਮੌਸਮ ਇਕ ਦਮ ਬਦਲਿਆ ਹੈ। ਭਾਰੀ ਬਰਫਬਾਰੀ, ਮੀਂਹ ਅਤੇ ਤੂਫਾਨਾਂ ਨੇ ਕਈ ਰਸਤਿਆਂ ਨੂੰ ਬੰਦ ਕੀਤਾ ਹੋਇਆ ਹੈ। ਕੁੱਲੂ-ਮਨਾਲੀ ਹਾਈਵੇਅ ਤਕ ਬੰਦ ਹੈ। ਸੜਕਾਂ ਨੂੰ ਸਾਫ ਕਰਨ ਦਾ ਕੰਮ ਜਾਰੀ ਹੈ।
ਓਧਰ ਚੀਨ-ਭਾਰਤ 'ਤੇ ਸਥਿਤ ਸ਼ਿਪਕੀ-ਲਾ-ਸੀਮਾ ਚੌਕੀ ਕੋਲ ਤਿੰਨ ਦਿਨ ਪਹਿਲਾਂ ਬਰਫ ਖਿਸਕਣ ਦੀ ਘਟਨਾ ਵਿਚ ਫਸੇ ਥਲ ਸੈਨਾ ਦੇ 5 ਜਵਾਨਾਂ ਦਾ ਅਜੇ ਤਕ ਕੁਝ ਪਤਾ ਨਹੀਂ ਲੱਗ ਸਕਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ। ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਕੰਮ ਵਿਚ ਸਿਖਲਾਈ ਪ੍ਰਾਪਤ ਕੁੱਤਿਆਂ ਅਤੇ ਚੱਟਾਨਾਂ ਵਿਚ ਛੇਕ ਕਰਨ ਵਾਲੀਆਂ ਮਸ਼ੀਨਾਂ ਦੀ ਮਦਦ ਲਈ ਜਾ ਰਹੀ ਹੈ।