''ਆਏ ਨਰਾਤੇ ਮਾਤਾ ਦੇ'', ਦੇਵ ਭੂਮੀ ਦੇ ਸਾਰੇ ਸ਼ਕਤੀਪੀਠਾਂ ''ਚ ਮਾਂ ਦੇ ਦਰਸ਼ਨਾਂ ਲਈ ਉਮੜੀ ਭੀੜ
Sunday, Oct 18, 2020 - 04:44 PM (IST)
ਸ਼ਿਮਲਾ— ਦੇਵ ਭੂਮੀ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਮੰਦਰਾਂ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ। ਕੋਰੋਨਾ ਕਾਲ 'ਚ ਕੱਲ੍ਹ ਤੋਂ ਨਰਾਤੇ ਸ਼ੁਰੂ ਹੋ ਗਏ ਹਨ। ਇਸ ਲਈ ਮੰਦਰਾਂ 'ਚ ਸਖਤ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਹਨ, ਤਾਂ ਕਿ ਸ਼ਰਧਾਲੂ ਕੋਰੋਨਾ ਨਿਯਮਾਂ ਦਾ ਸਖਤੀ ਨਾਲ ਪਾਲਣ ਕਰ ਸਕਣ। ਨਰਾਤਿਆਂ ਵਿਚ ਮਾਤਾ ਦੇ ਮੰਦਰਾਂ 'ਚ ਕੱਲ੍ਹ ਪਹਿਲੇ ਨਰਾਤੇ 'ਤੇ ਮੰਦਰਾਂ ਵਿਚ ਝੰਡਾ ਚੜ੍ਹਾਉਣ ਦੀਆਂ ਰਸਮਾਂ ਵੀ ਅਦਾ ਕੀਤੀਆਂ ਗਈਆਂ। ਮੰਦਰਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਕੋਰੋਨਾ ਦੇ ਡਰ ਅਤੇ ਉੱਤਰੀ ਸੂਬਿਆਂ 'ਚ ਬੱਸ ਸੇਵਾ ਪ੍ਰਭਾਵਿਤ ਰਹਿਣ ਕਾਰਨ ਇਸ ਵਾਰ ਪਹਿਲਾਂ ਵਾਂਗ ਭੀੜ ਤਾਂ ਨਹੀਂ ਨਜ਼ਰ ਆਈ ਫਿਰ ਵੀ ਮੰਦਰਾਂ 'ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਦਿਖਾਈ ਦਿੱਤੀਆਂ।
ਪਹਿਲੇ ਦਿਨ ਹਜ਼ਾਰਾਂ ਲੋਕਾਂ ਨੇ ਮੰਦਰਾਂ ਵਿਚ ਮਾਂ ਸ਼ੈਲਪੁੱਤਰੀ ਰੂਪ ਦੀ ਪੂਜਾ ਕੀਤੀ। ਉੱਤਰ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਨੈਨਾ ਦੇਵੀ ਵਿਚ ਵੀ ਨਰਾਤੇ ਝੰਡਾ ਚੜ੍ਹਾਉਣ ਦੀ ਰਸਮ ਨਾਲ ਸ਼ੁਰੂ ਹੋ ਗਏ। ਊਨਾ ਜ਼ਿਲ੍ਹੇ ਵਿਚ ਮਾਤਾ ਚਿੰਤਪੂਰਨੀ, ਕਾਂਗੜਾ ਜ਼ਿਲ੍ਹੇ 'ਚ ਮਾਤਾ ਜਵਾਲਾਜੀ, ਵਿਜੇਸ਼ਵਰੀ ਅਤੇ ਮਾਤਾ ਚਾਮੂੜਾ, ਸ਼ਿਮਲਾ 'ਚ ਤਾਰਾਦੇਵੀ ਅਤੇ ਕਾਲੀਬਾੜੀ ਦੇ ਇਲਾਵਾ ਸਿਰਮੌਰ ਜ਼ਿਲ੍ਹੇ ਵਿਚ ਮਾਤਾ ਬਾਲਾਸੁੰਦਰੀ ਤ੍ਰਿਲੋਕਪੁਰ ਸਮੇਤ ਸਾਰੇ ਮੰਦਰਾਂ 'ਚ ਸ਼ਰਧਾਲੂਆਂ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਚਿੰਤਪੂਰਨੀ ਮੰਦਰ ਦੇ ਇਕ ਅਧਿਕਾਰੀ ਜੀਵਨ ਕੁਮਾਰ ਨੇ ਦੱਸਿਆ ਕਿ ਨਰਾਤਿਆਂ ਮੌਕੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਦਰ ਰੋਜ਼ਾਨਾ ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਸ਼ਰਧਾਲੂਆਂ ਲਈ ਖੁੱਲ੍ਹਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਉਹ ਹਰ ਦਿਨ 15 ਤੋਂ 20 ਹਜ਼ਾਰ ਤੋਂ ਵਧੇਰੇ ਸ਼ਰਧਾਲੂਆਂ ਦੀ ਉਮੀਦ ਕਰ ਰਹੇ ਹਨ।
ਕੋਰੋਨਾ ਵਾਇਰਸ ਕਾਰਨ ਲੱਗਭਗ 6 ਮਹੀਨੇ ਤੱਕ ਬੰਦ ਰਹਿਣ ਤੋਂ ਬਾਅਦ 10 ਸਤੰਬਰ ਨੂੰ ਸੂਬੇ ਦੇ ਮੰਦਰਾਂ ਨੂੰ ਮੁੜ ਤੋਂ ਖੋਲ੍ਹਿਆ ਗਿਆ। ਜੋ ਮੰਦਰ ਨਹੀਂ ਜਾ ਸਕਦੇ, ਉਨ੍ਹਾਂ ਨੂੰ ਸਰਕਾਰ ਨੇ ਨੈਨਾ ਦੇਵੀ, ਚਿੰਤਪੂਰਨੀ ਅਤੇ ਜਵਾਲਾਜੀ ਮੰਦਰਾਂ ਦੇ ਆਨਲਾਈਨ ਦਰਸ਼ਨ ਕਰਨ ਦੀ ਸਲਾਹ ਦਿੱਤੀ ਹੈ। ਉਹ ਆਨਲਾਈਨ ਪ੍ਰਸਾਦ ਵੀ ਲੈ ਸਕਣਗੇ। ਇਸ ਤੋਂ ਇਲਾਵਾ ਪ੍ਰਸਿੱਧ ਮੰਦਰ ਮਾਤਾ ਚਿੰਤਪੂਰਨੀ ਨੇ ਜੁਲਾਈ 'ਚ ਇੰਡੀਆ ਪੋਸਟ ਜ਼ਰੀਏ 'ਪ੍ਰਸਾਦ ਭੋਗ' ਦੀ ਹੋਮ ਡਿਲਿਵਰੀ ਵੀ ਸ਼ੁਰੂ ਕੀਤੀ ਸੀ।