ਹਿਮਾਚਲ ’ਚ 4 ਨਗਰ ਨਿਗਮਾਂ ਤੇ 6 ਨਗਰ ਪੰਚਾਇਤਾਂ ਲਈ ਚੋਣਾਂ 7 ਅਪ੍ਰੈਲ ਨੂੰ
Sunday, Mar 14, 2021 - 11:12 AM (IST)
ਸ਼ਿਮਲਾ (ਭਾਸ਼ਾ) : ਹਿਮਾਚਲ ਪ੍ਰਦੇਸ਼ ਦੀਆਂ 4 ਨਗਰ ਨਿਗਮਾਂ ਤੇ 6 ਨਗਰ ਪੰਚਾਇਤਾਂ ਲਈ ਚੋਣਾਂ 7 ਅਪ੍ਰੈਲ ਨੂੰ ਹੋਣਗੀਆਂ। ਸੂਬਾਈ ਚੋਣ ਕਮਿਸ਼ਨ ਨੇ ਸ਼ਨੀਵਾਰ ਇਸ ਸਬੰਧੀ ਐਲਾਨ ਕੀਤਾ। ਕਮਿਸ਼ਨ ਨੇ ਧਰਮਸ਼ਾਲਾ, ਪਾਲਮਪੁਰ, ਮੰਡੀ ਅਤੇ ਸੋਲਨ ਨਗਰ ਨਿਗਮਾਂ ਅਤੇ ਚਿਰਗਾਂਵ, ਨੇਵੜਾ, ਅਨੀ, ਨਿਰਮੰਦ, ਕੰਡਾਘਾਟ ਤੇ ਅੰਬ ਨਗਰ ਪੰਚਾਇਤਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਧਰਮਸ਼ਾਲਾ ਤੋਂ ਇਲਾਵਾ ਬਾਕੀ 3 ਨਗਰ ਨਿਗਮਾਂ ਤੇ 6 ਨਗਰ ਪੰਚਾਇਤਾਂ ਨਵੀਆਂ ਬਣੀਆਂ ਹਨ ਅਤੇ ਇੱਥੇ ਪਹਿਲੀ ਵਾਰ ਚੋਣਾਂ ਹੋਣਗੀਆਂ। ਨਾਮਜ਼ਦਗੀਆਂ 22 ਤੋਂ 24 ਮਾਰਚ ਤਕ ਦਾਖਲ ਹੋ ਸਕਣਗੀਆਂ। 25 ਨੂੰ ਜਾਂਚ-ਪੜਤਾਲ ਹੋਵੇਗੀ ਅਤੇ 27 ਤਕ ਨਾਂ ਵਾਪਸ ਲਏ ਜਾ ਸਕਣਗੇ। ਵੋਟਾਂ 7 ਅਪ੍ਰੈਲ ਨੂੰ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। 22, 23 ਅਤੇ 24 ਮਾਰਚ ਨੂੰ ਸਵੇਰੇ 11.00 ਤੋਂ ਦੁਪਹਿਰ 3.00 ਵਜੇ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ।
ਨੋਟੀਫਿਕੇਸ਼ਨ ਨਾਲ ਹੀ ਧਰਮਸ਼ਾਲਾ, ਸੋਨਲ, ਮੰਡੀ ਅਤੇ ਪਾਲਮਪੁਰ ਨਗਰ ਨਿਗਮਾਂ ਸਮੇਤ ਨਵੀਂ ਨਗਰ ਪੰਚਾਇਤ ਚਿੜਗਾਂਵ, ਨੇਰਵਾ, ਆਨੀ, ਨਿਰਮੰਡ, ਕੰਡਾਘਾਟ ਅਤੇ ਅੰਬ ਵਿਚ ਚੋਣ ਜ਼ਾਬਤਾ ਲਾਗੂ ਹੋ ਗਈ ਹੈ। ਨਗਰ ਨਿਗਮਾਂ ਦੀਆਂ ਚੋਣਾਂ ਪਾਰਟੀ ਚੋਣ ਨਿਸ਼ਾਨ ਤੇ ਹੋਣਗੇ। ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ਲਈ ਈ. ਵੀ. ਐਮ. ਜਦਕਿ ਪੰਚਾਇਤ ਪ੍ਰਧਾਨਾਂ ਲਈ ਬੈਲੇਟ ਪੇਪਰ ਨਾਲ ਵੋਟਾਂ ਪਾਈਆਂ ਜਾਣਗੀਆਂ। ਨਗਰ ਨਿਗਮ ਲਈ 68 ਜਦਕਿ ਨਗਰ ਪੰਚਾਇਤਾਂ ਲਈ 44 ਵੋਟਿੰਗ ਕੇਂਦਰ ਬਣਾਏ ਗਏ ਹਨ।