ਹਿਮਾਚਲ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਭਾਜਪਾ ''ਚ ਹੋਏ ਸ਼ਾਮਲ

09/28/2022 1:35:32 PM

ਹਿਮਾਚਲ ਪ੍ਰਦੇਸ਼/ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਸੀਨੀਅਰ ਆਗੂ ਅਤੇ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ। ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜੂਦਗੀ 'ਚ ਉਨ੍ਹਾਂ ਨੇ ਇੱਥੇ ਭਾਜਪਾ ਹੈੱਡ ਕੁਆਰਟਰ 'ਚ ਪਾਰਟੀ ਦੀ ਮੈਂਬਰਤਾ ਲਈ। ਇਸ ਸਾਲ ਦੇ ਅੰਤ 'ਚ ਹਿਮਾਚਲ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਾਜਨ ਦੇ ਭਾਜਪਾ 'ਚ ਸ਼ਾਮਲ ਹੋਣ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਮਹਾਜਨ ਨੂੰ ਇਸ ਸਾਲ ਮਈ 'ਚ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਇਸ ਮੌਕੇ ਗੋਇਲ ਨੇ ਮਹਾਜਨ ਦਾ ਸੁਆਗਤ ਕਰਦੇ ਹੋਏ ਭਰੋਸਾ ਜਤਾਇਆ ਕਿ ਹਿਮਾਚਲ ਪ੍ਰਦੇਸ਼ 'ਚ ਮੁੜ ਤੋਂ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪਹਾੜੀ ਸੂਬਿਆਂ ਨੂੰ ਲੈ ਕੇ ਪਹਿਲਾਂ ਇਹ ਧਾਰਨਾ ਸੀ ਕਿ ਜੋ ਪਾਰਟੀ ਸੱਤਾ 'ਚ ਹੈ, ਉਹ ਮੁੜ ਸਰਕਾਰ ਨਹੀਂ ਬਣਾਉਂਦੀ ਹੈ ਪਰ ਹਾਲ 'ਚ ਉੱਤਰਾਖੰਡ 'ਚ ਭਾਜਪਾ ਨੇ ਇਸ ਗੱਲ ਨੂੰ ਗਲਤ ਸਾਬਤ ਕੀਤਾ ਹੈ।

PunjabKesari

ਮਹਾਜਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਕਾਂਗਰਸ ਲੀਡਰਸ਼ਿਪ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੀਰਭੱਦਰ ਸਿੰਘ ਸਨ, ਉਦੋਂ ਤੱਕ ਉੱਥੇ ਕਾਂਗਰਸ ਸੀ ਪਰ ਹਿਮਾਚਲ ਪ੍ਰਦੇਸ਼ 'ਚ ਅੱਜ ਕਾਂਗਰਸ ਦਿਸ਼ਾਹੀਣ ਹੋ ਗਈ ਹੈ। ਉਨ੍ਹਾਂ ਕਿਹਾ,''ਕਾਂਗਰਸ 'ਚ ਨਾ ਲੀਡਰ (ਨੇਤਾ) ਹੈ, ਨਾ ਹੀ ਵਿਜਨ (ਦ੍ਰਿਸ਼ਟੀਕੋਣ) ਹੈ। ਬਸ, ਮਾਂ-ਪੁੱਤਰ ਦਾ ਰਾਜ ਹੈ।'' ਮਹਾਜਨ ਦਾ ਇਸ਼ਾਰਾ ਵੀਰਭੱਦਰ ਸਿੰਘ ਦੀ ਪਤਨੀ ਅਤੇ ਪੁੱਤਰ ਵੱਲ ਸੀ। ਵੀਰਭੱਦਰ ਸਿੰਘ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਮੰਡੀ ਤੋਂ ਸੰਸਦ ਮੈਂਬਰ ਹੈ ਅਤੇ ਉਹ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੀ ਹੈ। ਉਨ੍ਹਾਂ ਦੇ ਪੁੱਤਰ ਵਿਕਰਮਾਦਿਤਿਆ ਸਿੰਘ ਵਿਧਾਇਕ ਹਨ। ਮਹਾਜਨ ਲੰਮੇ ਸਮੇਂ ਤੱਕ ਵੀਰਭੱਦਰ ਸਿੰਘ ਦੇ ਸਹਿਯੋਗੀ ਰਹੇ। ਉਹ ਹਿਮਾਚਲ ਪ੍ਰਦੇਸ਼ ਦੇ ਪਸ਼ੂ ਪਾਲਣ ਮੰਤਰੀ ਵੀ ਰਹਿ ਚੁਕੇ ਹਨ। ਮਹਾਜਨ ਦੇ ਪਿਤਾ ਦੇਸ਼ ਰਾਜ ਮਹਾਜਨ ਵਿਧਾਨ ਸਭਾ ਸਪੀਕਰ ਅਤੇ ਕੈਬਨਿਟ ਮੰਤਰੀ ਵੀ ਰਹਿ ਚੁਕੇ ਹਨ। ਹਰਸ਼ ਮਹਾਜਨ 3 ਵਾਰ ਲਗਾਤਾਰ ਚੰਬਾ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਵਿਧਾਇਕ ਬਣੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News