PM ਸੁਰੱਖਿਆ ਮਾਮਲੇ ''ਚ ਹਿਮਾਚਲ ਭਾਜਪਾ ਦਾ ਕਾਂਗਰਸ ਤੇ ਪੰਜਾਬ ਸਰਕਾਰ ਵਿਰੁੱਧ ਮੌਨ ਪ੍ਰਦਰਸ਼ਨ
Friday, Jan 07, 2022 - 06:44 PM (IST)
ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਸ਼ਿਮਲਾ ਦੇ ਇਤਿਹਾਸਕ ਰਿਜ ਮੈਦਾਨ 'ਤੇ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਕਾਂਗਰਸ ਅਤੇ ਪੰਜਾਬ ਸਰਕਾਰ ਵਿਰੁੱਧ ਇਕ ਮੌਨ ਧਰਨਾ ਪ੍ਰਦਰਸ਼ਨ ਕੀਤਾ। ਭਾਜਪਾ ਪ੍ਰਦੇਸ਼ ਮਹਾਮੰਤਰੀ ਤ੍ਰਿਲੋਕ ਕਪੂਰ ਨੇ ਦੱਸਿਆ ਕਿ ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਜਿਸ ਤਰ੍ਹਾਂ ਦੀ ਭਿਆਨਕ ਅਤੇ ਹੈਰਾਨ ਕਰਨ ਵਾਲੀ ਅਣਗਹਿਲੀ ਹੋਈ ਹੈ, ਉਹ ਬੇਹੱਦ ਨਿੰਦਾਯੋਗ ਹੈ। ਸ਼੍ਰੀ ਕਪੂਰ ਨੇ ਕਿਹਾ ਕਿ ਇਹ ਦਿਨ ਭਾਰਤ ਦੇ ਇਤਿਹਾਸ 'ਚ ਇਕ ਕਾਲੇ ਦਿਨ ਦੇ ਰੂਪ 'ਚ ਯਾਦ ਕੀਤਾ ਜਾਵੇਗਾ, ਜਦੋਂ ਕਾਂਗਰਸ ਪਾਰਟੀ ਦੀ ਖ਼ੂਨੀ ਯੋਜਨਾ ਪੰਜਾਬ ਦੀ ਪਵਿੱਤਰ ਜ਼ਮੀਨ 'ਚ ਅਸਫ਼ਲ ਹੋ ਗਈ। ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਨਫ਼ਰਤ ਕਰਨ ਵਾਲੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮਜ਼ਾਕ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਅਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਅਸਫ਼ਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ 'ਚ ਕਦੇ ਵੀ ਕਿਸੇ ਰਾਜ ਪੁਲਸ ਫ਼ੋਰਸ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਵਸਥਾ ਨੂੰ ਪੱਟੜੀ ਤੋਂ ਉਤਾਰਨ ਦਾ ਨਿਰਦੇਸ਼ ਨਹੀਂ ਦਿੱਤਾ ਗਿਆ ਸੀ ਅਤੇ ਨਾ ਹੀ ਕਿਸੇ ਸੂਬਾ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੱਟ ਪਹੁੰਚਾਉਣ ਦੀ ਸਾਜਿਸ਼ ਰਚੀ ਸੀ।
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ 'ਚ ਅਣਗਹਿਲੀ, ਸੁਪਰੀਮ ਕੋਰਟ ਨੇ ਦਿੱਤੇ ਇਹ ਨਿਰਦੇਸ਼
ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਇਕ ਸੈੱਟ ਪ੍ਰੋਟੋਕਾਲ ਹੈ ਪਰ ਜਾਣਬੁੱਝ ਕੇ ਦੇਰੀ ਕੀਤੀ ਗਈ, ਜਿਸ ਤੋਂ ਇਹ ਦਿੱਸਦਾ ਹੈ ਕਿ ਪੰਜਾਬ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਪ੍ਰੋਟੋਕਾਲ ਨਾਲ ਮਜ਼ਾਕ ਕੀਤਾ ਹੈ। ਸ਼੍ਰੀ ਕਪੂਰ ਅਨੁਸਾਰ ਜਿੱਥੇ ਪੀ.ਐੱਮ. ਮੋਦੀ ਦਾ ਕਾਫ਼ਿਲਾ ਰੁਕਿਆ, ਉਦੋਂ ਕੁਝ ਦੂਰੀ 'ਤੇ ਹੀ ਪਾਕਿਸਤਾਨ ਦੀ ਸਰਹੱਦ ਹੈ। ਪੰਜਾਬ ਸਰਕਾਰ ਉੱਥੇ ਆਈ.ਐੱਸ.ਆਈ. ਦੀ ਯੋਜਨਾ ਲਾਗੂ ਕਰ ਰਹੀ ਹੈ। ਪੰਜਾਬ ਸਰਕਾਰ 'ਚ ਇਮਰਾਨ ਦਾ ਯਾਰ ਸਿੱਧੂ ਉਸੇ ਯੋਜਨਾ ਨੂੰ ਪੰਜਾਬ 'ਚ ਲਾਗੂ ਕਰ ਰਿਹਾ ਸੀ। ਪੰਜਾਬ 'ਚ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਇਸ ਲਈ ਉੱਥੇ ਰਾਸ਼ਟਰਪਤੀ ਸ਼ਾਸਨ ਲਗਾਏ ਜਾਣ ਦੀ ਮੰਗ ਕੀਤੀ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ