ਹਿਮਾਚਲ: ਦਰਦਨਾਕ ਹਾਦਸੇ ’ਚ ਚੰਬਾ ਦੇ ਡਾਕਟਰ ਦੀ ਮੌਤ, ਸਾਥੀ ਜ਼ਖਮੀ
Tuesday, Sep 28, 2021 - 04:30 PM (IST)
ਮੰਡੀ— ਹਿਮਾਚਲ ਪ੍ਰਦੇਸ਼ ’ਚ ਸੜਕ ਹਾਦਸੇ ਲੋਕਾਂ ਦੀ ਜਾਨ ਲੈ ਰਹੇ ਹਨ। ਪ੍ਰਦੇਸ਼ ਦੇ ਮੰਡੀ ਜ਼ਿਲੇ੍ਹ ’ਚ ਇਕ ਦਰਦਨਾਕ ਹਾਦਸਾ ਵਾਪਰਿਆ। ਇਹ ਹਾਦਸਾ ਅੱਧੀ ਰਾਤ ਨੂੰ ਵਾਪਰਿਆ, ਜਿਸ ਵਿਚ ਡਾਕਟਰ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਡਾਕਟਰ ਜ਼ਖਮੀ ਹੋ ਗਿਆ। ਪੁਲਸ ਨੇ ਹਾਦਸੇ ਨੂੰ ਲੈ ਕੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਨੇਰਚੌਕ ਵਿਚ ਮਹਿੰਦਰਾ ਦੇ ਸ਼ੋਅਰੂਮ ਕੋਲ ਦੇਰ ਰਾਤ ਇਕ ਕਾਰ ਅਤੇ ਪਿਕਅਪ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਸਵਾਰ ਚੰਬਾ ਦੇ ਡਾਕਟਰ ਵਿਸ਼ੇਸ਼ ਰਾਣਾ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਸਾਥੀ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਇਸ ਦਰਦਨਾਕ ਹਾਦਸੇ ਦੇ ਸ਼ਿਕਾਰ ਹੋਏ ਚੰਬਾ ਵਾਸੀ ਡਾ. ਵਿਸ਼ੇਸ਼ ਰਾਣਾ ਪੀ. ਐੱਚ. ਸੀ. ਸਿੰਬਲ ਕੋਠੀ (ਸਰਕਾਘਾਟ) ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਨਾਲ ਇਕ ਹੋਰ ਡਾਕਟਰ ਸਵਾਰ ਸਨ। ਜਿਸ ਕਾਰ ਨਾਲ ਹਾਦਸਾ ਵਾਪਰਿਆ, ਉਹ ਕੁਝ ਦਿਨ ਪਹਿਲਾਂ ਹੀ ਲਈ ਸੀ। ਇਸ ’ਤੇ ਅਜੇ ਅਸਥਾਈ ਨੰਬਰ ਹੀ ਸੀ। ਮੰਡੀ ਪੁਲਸ ਮੁਤਾਬਕ ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਅੱਧੀ ਰਾਤ ਨੂੰ ਇਹ ਹਾਦਸਾ ਵਾਪਰਿਆ। ਦਰਅਸਲ ਮੰਡੀ ਦੇ ਨੇਰਚੌਕ ਮੈਡੀਕਲ ਕਾਲਜ ਵਿਚ ਸਿਹਤ ਵਿਭਾਗ ਵਲੋਂ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਇਹ ਡਾਕਟਰ ਵੀ ਉਸੇ ਪ੍ਰੋਗਰਾਮ ਵਿਚ ਹਿੱਸਾ ਲੈਣ ਮਗਰੋਂ ਨੇਰਚੌਕ ਤੋਂ ਮੰਡੀ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਦੇ ਚੱਲਦੇ ਇਹ ਹਾਦਸਾ ਵਾਪਰਿਆ।