ਹਿਜ਼ਾਬ ਵਿਵਾਦ : ਉਡੁਪੀ ''ਚ 40 ਵਿਦਿਆਰਥਣਾਂ ਨੇ ਪੀਯੂ ਪ੍ਰੀਖਿਆ ਛੱਡੀ

Wednesday, Mar 30, 2022 - 03:29 PM (IST)

ਹਿਜ਼ਾਬ ਵਿਵਾਦ : ਉਡੁਪੀ ''ਚ 40 ਵਿਦਿਆਰਥਣਾਂ ਨੇ ਪੀਯੂ ਪ੍ਰੀਖਿਆ ਛੱਡੀ

ਮੰਗਲੁਰੂ (ਭਾਸ਼ਾ)- ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੀਆਂ 40 ਮੁਸਲਿਮ ਵਿਦਿਆਰਥਣਾਂ ਨੇ ਮੰਗਲਵਾਰ ਨੂੰ ਪਹਿਲੀ ਪ੍ਰੀ-ਯੂਨੀਵਰਸਿਟੀ ਪ੍ਰੀਖਿਆ ਛੱਡ ਦਿੱਤੀ, ਕਿਉਂਕਿ ਉਹ ਹਾਲ 'ਚ ਆਏ ਹਾਈ ਕੋਰਟ ਦੇ ਉਸ ਆਦੇਸ਼ ਤੋਂ ਦੁਖੀ ਸਨ, ਜਿਸ ਅਨੁਸਾਰ ਕਲਾਸ ਅੰਦਰ ਹਿਜ਼ਾਬ ਪਹਿਨ ਕੇ ਪ੍ਰਵੇਸ਼ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਸੂਤਰਾਂ ਨੇ ਦੱਸਿਆ  ਕਿ ਵਿਦਿਆਰਥਣਾਂ 15 ਮਾਰਚ ਦੇ ਅਦਾਲਤ ਦੇ ਆਦੇਸ਼ ਤੋਂ ਦੁਖੀ ਸਨ, ਇਸ ਲਈ ਉਨ੍ਹਾਂ ਨੇ ਹਿਜ਼ਾਬ ਦੇ ਬਿਨਾਂ ਪ੍ਰੀਖਿਆ 'ਚ ਹਾਜ਼ਰ ਨਹੀਂ ਹੋਣ ਦਾ ਫ਼ੈਸਲਾ ਲਿਆ। ਮੰਗਲਵਾਰ ਨੂੰ ਪ੍ਰੀਖਿਆ ਛੱਡਣ ਵਾਲੀਆਂ ਵਿਦਿਆਰਥਣਾਂ 'ਚ ਕੁੰਡਾਪੁਰ ਦੀਆਂ 24 ਕੁੜੀਆਂ, ਬਿੰਦੂਰ ਦੀਆਂ 14 ਅਤੇ ਉਡੁਪੀ ਸਰਕਾਰੀ ਕੰਨਿਆ ਪੀਯੂ ਕਾਲਜ ਦੀਆਂ 2 ਕੁੜੀਆਂ ਸ਼ਾਮਲ ਹਨ। ਇਹ ਵਿਦਿਆਰਥਣਾਂ ਕਲਾਸ 'ਚ ਹਿਜ਼ਾਬ ਪਹਿਨਣ 'ਤੇ ਕਾਨੂੰਨੀ ਲੜਾਈ 'ਚ ਸ਼ਾਮਲ ਸਨ। ਇਨ੍ਹਾਂ ਕੁੜੀਆਂ ਨੇ ਪਹਿਲੇ ਪ੍ਰਾਯੋਗਿਕ ਪ੍ਰੀਖਿਆ ਵੀ ਛੱਡ ਦਿੱਤੀ ਸੀ। 

ਆਰ.ਐੱਨ. ਸ਼ੈੱਟੀ ਪੀਯੂ ਕਾਲਜ 'ਚ 28 ਮੁਸਲਿਮ ਵਿਦਿਆਰਥਣਾਂ 'ਚੋਂ 13 ਪ੍ਰੀਖਿਆ 'ਚ ਹਾਜ਼ਰ ਹੋਈਆਂ। ਹਾਲਾਂਕਿ ਕੁਝ ਵਿਦਿਆਰਥਣਾਂ ਹਿਜ਼ਾਬ ਪਹਿਨ ਕੇ ਪ੍ਰੀਖਿਆ ਕੇਂਦਰ ਪਹੁੰਚੀਆਂ ਪਰ ਉਨ੍ਹਾਂ ਨੂੰ ਪ੍ਰਵੇਸ਼ ਕਰਨ ਦੀ ਮਨਜ਼ੂਰੀ ਨਹੀਂ ਮਿਲੀ। ਉਡੁਪੀ ਦੇ ਭੰਡਾਰਕਰ ਕਾਲਜ ਦੀਆਂ 5 'ਚੋਂ 4 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ, ਜਦੋਂ ਕਿ 10 ਮੁਸਲਿਮ ਕੁੜੀਆਂ 'ਚੋਂ ਸਿਰਫ਼ 2 ਪ੍ਰੀਖਿਆ 'ਚ ਮੌਜੂਦ ਹੋਈਆਂ। ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁਝ ਨਿੱਜੀ ਕਾਲਜਾਂ ਨੇ ਕੁੜੀਆਂ ਨੂੰ ਹਿਜ਼ਾਬ ਪਹਿਨ ਕੇ ਪ੍ਰੀਖਿਆ ਦੇਣ ਦੀ ਮਨਜ਼ੂਰੀ ਦਿੱਤੀ। ਸੁਪਰੀਮ ਕੋਰਟ ਨੇ ਕਰਨਾਟਕ ਹਾਈ ਕੋਰਟ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਤੁਰੰਤ ਸੁਣਵਾਈ ਕਰਨ ਤੋਂ 24 ਮਾਰਚ ਨੂੰ ਇਨਕਾਰ ਕਰ ਦਿੱਤਾ ਸੀ।


author

DIsha

Content Editor

Related News