ਦਿੱਲੀ ਅਪਰਾਧਾਂ ''ਚ ਨੰ. 1, ਦੇਸ਼ ਦੇ ਦੂਜੇ ਮਹਾਨਗਰਾਂ ਦੇ ਮੁਕਾਬਲੇ ਰਾਜਧਾਨੀ ''ਚ ਜ਼ਿਆਦਾ ਕ੍ਰਾਈਮ
Friday, Dec 01, 2017 - 12:03 PM (IST)

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਹੋਰ ਮਾਮਲਿਆਂ ਵਿਚ ਭਾਵੇਂ ਦੇਸ਼ ਦੇ ਮਹਾਨਗਰਾਂ ਤੋਂ ਪਿੱਛੇ ਹੋਵੇ ਪਰ ਅਪਰਾਧਕ ਵਾਰਦਾਤਾਂ ਦੇ ਮਾਮਲਿਆਂ ਵਿਚ ਉਹ ਪਹਿਲੇ ਨੰਬਰ 'ਤੇ ਪਹੁੰਚ ਗਈ ਹੈ। ਵੀਰਵਾਰ ਨੂੰ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵਲੋਂ ਸਾਲਾਨਾ ਜਾਰੀ ਹੋਣ ਵਾਲੇ ਕ੍ਰਾਈਮ ਇਨ ਇੰਡੀਆ 2016 ਦੀ ਰਿਪੋਰਟ ਅਨੁਸਾਰ ਬੀਤੇ ਸਾਲ ਦਿੱਲੀ ਵਿਚ ਸਭ ਤੋਂ ਜ਼ਿਆਦਾ ਅਪਰਾਧਾਂ ਦੇ ਮਾਮਲੇ ਦਰਜ ਹੋਏ ਹਨ।
ਐੱਨ. ਸੀ. ਆਰ. ਬੀ. ਵਲੋਂ ਸਾਲ 2016 ਵਿਚ ਦੇਸ਼ ਦੇ 19 ਮਹਾਨਗਰਾਂ ਵਿਚ ਸਰਵੇ ਕਰਵਾਇਆ ਗਿਆ। ਜਿਸ ਵਿਚ ਔਰਤਾਂ ਨਾਲ ਹੋਣ ਵਾਲੇ ਅਪਰਾਧ ਜਬਰ-ਜ਼ਨਾਹ, ਛੇੜਛਾੜ ਤੇ ਘਰੇਲੂ ਹਿੰਸਾ ਦੇ ਨਾਲ-ਨਾਲ ਹੱਤਿਆ ਤੇ ਅਗਵਾ ਕਰਨ ਦੇ ਮਾਮਲਿਆਂ ਵਿਚ ਦਿੱਲੀ ਪਹਿਲੇ ਨੰਬਰ 'ਤੇ ਆ ਗਿਆ ਹੈ। ਇਥੇ ਹੀ ਬਸ ਨਹੀਂ ਅਪਰਾਧਿਕ ਵਾਰਦਾਤਾਂ ਵਿਚ ਨਾਬਾਲਗਾਂ ਦੀ ਸ਼ਮੂਲੀਅਤ ਅਤੇ ਆਰਥਕ ਅਪਰਾਧ ਵੀ ਦੇਸ਼ ਦੇ 19 ਸ਼ਹਿਰਾਂ ਵਿਚੋਂ ਸਭ ਤੋਂ ਵੱਧ ਦਿੱਲੀ ਵਿਚ ਹੀ ਹੋਏ ਹਨ।