ਟਿੱਲੂ ਤਾਜਪੁਰੀਆ ਕਤਲ : ਹਾਈ ਕੋਰਟ ਨੇ ਜੇਲ੍ਹ ਅਧਿਕਾਰੀਆਂ ਤੋਂ ਚਾਕੂ ਬਰਾਮਦ ਹੋਣ ਦੇ ਸੰਬੰਧ ''ਚ ਪੁੱਛੇ ਸਵਾਲ

Monday, May 08, 2023 - 02:35 PM (IST)

ਟਿੱਲੂ ਤਾਜਪੁਰੀਆ ਕਤਲ : ਹਾਈ ਕੋਰਟ ਨੇ ਜੇਲ੍ਹ ਅਧਿਕਾਰੀਆਂ ਤੋਂ ਚਾਕੂ ਬਰਾਮਦ ਹੋਣ ਦੇ ਸੰਬੰਧ ''ਚ ਪੁੱਛੇ ਸਵਾਲ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਤਿਹਾੜ ਕੰਪਲੈਕਸ ਤੋਂ ਚਾਰ ਚਾਕੂ ਬਰਾਮਦ ਹੋਣ ਦੇ ਸੰਬੰਧ 'ਚ ਜੇਲ੍ਹ ਅਧਿਕਾਰੀਆਂ ਤੋਂ ਜਵਾਬ ਤਲਬ ਕੀਤਾ ਹੈ। ਤਿਹਾੜ ਜੇਲ੍ਹ 'ਚ ਹੀ ਪਿਛਲੇ ਦਿਨੀਂ ਟਿੱਲੂ ਤਾਜਪੁਰੀਆ ਦੀ ਇਕ ਗਿਰੋਹ ਦੇ ਕੈਦੀਆਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਤੋਂ ਪੁੱਛਿਆ ਕਿ ਜੇਲ੍ਹ ਕੰਪਲੈਕਸ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਜਦੋਂ ਪੂਰੀ ਘਟਨਾ ਰਿਕਾਰਡ ਹੋ ਗਈ ਸੀ, ਉਦੋਂ ਉਸ ਸਮੇਂ ਅਧਿਕਾਰੀਆਂ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਜੱਜ ਜਸਮੀਤ ਸਿੰਘ ਨੇ ਤਾਜਪੁਰੀਆ ਦੇ ਪਿਤਾ ਅਤੇ ਭਰਾ ਵਲੋਂ ਦਾਖ਼ਲ ਪਟੀਸ਼ਨ 'ਤੇ ਜਨਰਲ ਡਾਇਰੈਕਟਰ ਜੇਲ੍ਹ (ਦਿੱਲੀ), ਦਿੱਲੀ ਸਰਕਾਰ ਅਤੇ ਪੁਲਸ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ।

ਤਾਜਪੁਰੀਆ ਦੇ ਪਿਤਾ ਅਤੇ ਭਰਾ ਵਲੋਂ ਦਾਖ਼ਲ ਪਟੀਸ਼ਨ 'ਚ 2 ਮਈ ਨੂੰ ਤਿਹਾੜ ਕੰਪਲੈਕਸ 'ਚ ਹੋਏ ਕਤਲ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੋਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਉਹ ਡੀ.ਟੀ.ਸੀ. 'ਚ ਡਰਾਈਵਰ ਹਨ ਅਤੇ ਉਨ੍ਹਾਂ ਨੇ ਆਪਣੇ ਲਈ ਪੂਰੀ ਸੁਰੱਖਿਆ ਦੀ ਵੀ ਮੰਗ ਕੀਤੀ। ਇਸ 'ਤੇ ਹਾਈ ਕੋਰਟ ਨੇ ਦਿੱਲੀ ਪੁਲਸ ਨੂੰ ਦੋਹਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਮਾਮਲੇ ਨੂੰ 25 ਮਈ ਨੂੰ ਅਗਲੀ ਸੁਣਵਾਈ ਲਈ ਸੂਚੀਬੱਧ ਕੀਤਾ। ਹਾਈ ਕੋਰਟ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਹਲਫਨਾਮਾ ਦਾਖ਼ਲ ਕਰ ਕੇ ਇਹ ਵੀ ਦੱਸਣ ਲਈ ਕਿਹਾ ਕਿ ਜੇਲ੍ਹ 'ਚ ਚਾਰ ਚਾਕੂ ਕਿਵੇਂ ਪਾਏ ਗਏ। ਨਾਲ ਉਸ ਨੇ ਸੰਬੰਧਤ ਜੇਲ੍ਹ ਸੁਪਰਡੈਂਟ ਨੂੰ ਅਗਲੀ ਸੁਣਵਾਈ ਦੌਰਾਨ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ। ਦੱਸਣਯੋਗ ਹੈ ਕਿ ਤਿਹਾੜ ਜੇਲ੍ਹ ਦੇ ਸੀ.ਸੀ.ਟੀ.ਵੀ. ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਜਨਤਕ ਹੋਇਆ ਹੈ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਸੁਰੱਖਿਆ ਕਰਮੀਆਂ ਦੇ ਸਾਹਮਣੇ ਤਾਜਪੁਰੀਆ 'ਤੇ ਹਮਲਾ ਕੀਤਾ ਗਿਆ।


author

DIsha

Content Editor

Related News