ਨਸ਼ੇ ਖ਼ਿਲਾਫ਼ ਵੱਡੀ ਸਫ਼ਲਤਾ : ਮੱਛੀ ਫੜਨ ਵਾਲੀ ਕਿਸ਼ਤੀ ਤੋਂ 350 ਕਰੋੜ ਰੁਪਏ ਦੀ ਹੈਰੋਇਨ ਜ਼ਬਤ

02/23/2024 4:57:31 PM

ਵੇਰਾਵਲ (ਭਾਸ਼ਾ)- ਗੁਜਰਾਤ ਪੁਲਸ ਨੇ ਗਿਰ ਸੋਮਨਾਥ ਜ਼ਿਲ੍ਹੇ ਦੇ ਵੇਰਾਵਲ ਬੰਦਰਗਾਹ ਕੋਲ ਮੱਛੀ ਫੜਨ ਵਾਲੀ ਇਕ ਕਿਸ਼ਤੀ ਤੋਂ 350 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕਰ ਕੇ ਚਾਲਕ ਦਲ ਦੇ 9 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਪੁਲਸ ਸੁਪਰਡੈਂਟ ਮਨੋਹਰ ਸਿੰਘ ਜਡੇਜਾ ਨੇ ਕਿਹਾ,''ਇਕ ਗੁਪਤ ਸੂਚਨਾ ਦੇ ਆਦਾਰ 'ਤੇ ਸਾਡੀਆਂ ਟੀਮਾਂ ਨੇ ਇਕ ਮੱਛੀ ਫੜਨ ਵਾਲੀ ਕਿਸ਼ਤੀ 'ਤੇ ਉਸ ਸਮੇਂ ਛਾਪਾ ਮਾਰਿਆ, ਜਦੋਂ ਉਹ ਵੇਰਾਵਲ ਬੰਦਰਗਾਹ ਕੋਲ ਪਹੁੰਚੀ। ਅਸੀਂ 50 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਇਹ ਕਿੱਥੋਂ ਆਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਵੇਰਾਵਲ 'ਚ ਰਜਿਸਟਰਡ ਕਿਸ਼ਤੀ 'ਤੇ ਸਵਾਰ ਚਾਲਕ ਦਲ ਦੇ 9 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।''

'ਐਕਸ' 'ਤੇ ਇਕ ਪੋਸਟ 'ਚ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸਾਂਘਵੀ ਨੇ ਕਿਹਾ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ 350 ਕਰੋੜ ਰੁਪਏ (7 ਕਰੋੜ ਰੁਪਏ ਪ੍ਰਤੀ ਕਿਲੋਗ੍ਰਾਮ) ਹੈ। ਸਾਂਘਵੀ ਨੇ ਆਪਣੀ ਪੋਸਟ 'ਚ ਕਿਹਾ,''ਨਸ਼ੇ ਖ਼ਿਲਾਫ਼ ਸਾਡੀ ਮੁਹਿੰਮ 'ਚ ਇਕ ਹੋਰ ਵੱਡੀ ਸਫ਼ਲਤਾ। ਗੁਜਰਾਤ ਪੁਲਸ ਨੇ ਵੇਰਾਵਲ ਬੰਦਰਗਾਹ ਦੇ ਨਲੀਆ ਗੋਲੀ ਤੱਟ 'ਤੇ ਸੀਲਬੰਦ ਪੈਕੇਟ 'ਚ ਰੱਖੀ 350 ਕਰੋੜ ਰੁਪਏ ਕੀਮਤ ਦੀ 50 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ। ਤਿੰਨ ਮੁੱਖ ਦੋਸ਼ੀਆਂ ਸਮੇਤ 9 ਦੋਸ਼ੀਆਂ ਨੂੰ ਪੁਲਸ ਨੇ ਫੜ ਲਿਆ ਹੈ।'' ਮੰਤਰੀ ਨੇ ਨਸ਼ੀਲੇ ਪਦਾਰਥ ਦੇ ਕਾਰੋਬਾਰ ਖ਼ਿਲਾਫ਼ ਸਫ਼ਲ ਮੁਹਿੰਮ ਲਈ ਗਿਰ ਸੋਮਨਾਥ ਪੁਲਸ ਨੂੰ ਵੀ ਵਧਾਈ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News