ਹੇਮੰਤ ਸੋਰੇਨ 28 ਨਵੰਬਰ ਨੂੰ ਚੁੱਕਣਗੇ CM ਅਹੁਦੇ ਦੀ ਸਹੁੰ, ਰਾਜਪਾਲ ਨੂੰ ਮਿਲ ਕੇ ਪੇਸ਼ ਕੀਤਾ ਦਾਅਵਾ
Sunday, Nov 24, 2024 - 05:24 PM (IST)
ਰਾਂਚੀ (ਭਾਸ਼ਾ)- ਝਾਮੁਮੋ ਨੇਤਾ ਹੇਮੰਤ ਸੋਰੇਨ ਨੇ ਐਤਵਾਰ ਨੂੰ ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਹ 28 ਨਵੰਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਪਹਿਲੇ ਦਿਨ 'ਚ ਰਾਜ 'ਚ 'ਇੰਡੀਆ' ਗਠਜੋੜ ਦੇ ਨੇਤਾਵਾਂ ਨੇ ਸਾਰਿਆਂ ਦੀ ਸਹਿਮਤੀ ਨਾਲ ਸੋਰੇਨ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ। ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਨੇਤਾਵਾਂ ਨੇ ਦੱਸਿਆ ਕਿ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਪਹਿਲੇ ਸੋਰੇਨ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਗੰਗਵਾਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੋਰੇਨ ਨੇ ਕਿਹਾ,''ਮੈਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ ਅਤੇ ਰਾਜਪਾਲ ਨੂੰ ਗਠਜੋੜ ਸਹਿਯੋਗੀਆਂ ਦਾ ਸਮਰਥਨ ਪੱਤਰ ਸੌਂਪ ਦਿੱਤਾ ਹੈ। ਉਨ੍ਹਾਂ ਨੇ ਸਾਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਸਹੁੰ ਚੁੱਕ ਸਮਾਰੋਹ 28 ਨਵੰਬਰ ਨੂੰ ਹੋਵੇਗਾ।'' ਹੇਮੰਤ ਸੋਰੇਨ ਦੀ ਝਾਮੁਮੋ ਦੀ ਅਗਵਾਈ ਵਾਲੇ ਗਠਜੋੜ ਨੇ ਸ਼ਨੀਵਾਰ ਨੂੰ ਝਾਰਖੰਡ 'ਚ ਸ਼ਾਨਦਾਰ ਜਿੱਤ ਹਾਸਲ ਕਰਦੇ ਹੋਏ ਲਗਾਤਾਰ ਦੂਜੀ ਵਾਰ ਸੱਤਾ ਹਾਸਲ ਕੀਤੀ। 'ਇੰਡੀਆ' ਗਠਜੋੜ ਨੇ 81 ਮੈਂਬਰੀ ਵਿਧਾਨ ਸਭਾ 'ਚ 56 ਸੀਟਾਂ ਜਿੱਤੀਆਂ ਹਨ। ਹਾਲਾਂਕਿ ਭਾਜਪਾ ਦੀ ਅਗਵਾਈ ਵਾਲੇ ਰਾਜਗ ਨੂੰ 24 ਸੀਟਾਂ ਮਿਲੀਆਂ। ਰਾਜ ਵਿਧਾਨ ਸਭਾ 'ਚ ਬਹੁਮਤ ਲਈ 41 ਸੀਟਾਂ ਦੀ ਲੋੜ ਹੁੰਦੀ ਹੈ। ਸੋਰੇਨ ਝਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਝਾਰਖੰਡ ਦਾ ਗਠਨ 15 ਨਵੰਬਰ 2000 ਨੂੰ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8