ਗੁਜਰਾਤ ’ਚ ਭਾਰੀ ਮੀਂਹ ਕਾਰਨ ਆਮ ਜ਼ਿੰਦਗੀ ਉਥਲ-ਪੁਥਲ, 2 ਦਿਨਾਂ ’ਚ 9 ਮੌਤਾਂ
Saturday, Jul 01, 2023 - 01:04 PM (IST)

ਅਹਿਮਦਾਬਾਦ/ਨਵੀਂ ਦਿੱਲੀ, (ਏਜੰਸੀਆਂ, ਇੰਟ.)- ਗੁਜਰਾਤ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਿਛਲੇ 30 ਘੰਟਿਆਂ ਵਿੱਚ 200 ਮਿ. ਮੀ ਤੋਂ ਵੱਧ ਮੀਂਹ ਪਿਆ। ਜੂਨਾਗੜ੍ਹ, ਜਾਮਨਗਰ, ਮੋਰਬੀ, ਕੱਛ, ਸੂਰਤ ਅਤੇ ਤਾਪੀ ਜ਼ਿਲਿਆਂ ਵਿੱਚ ਭਾਰੀ ਵਰਖਾ ਕਾਰਨ ਆਮ ਆਮ ਜ਼ਿੰਦਗੀ ਉਥਲ-ਪੁਥਲ ਹੋ ਗਈ ਹੈ। ਸ਼ਹਿਰਾਂ ਅਤੇ ਕਸਬਿਆਂ ਵਿੱਚ ਸੜਕਾਂ ਪਾਣੀ ਨਾਲ ਭਰ ਗਈਆਂ ਹਨ।
ਇਹ ਵੀ ਪੜ੍ਹੋ– ਬਾਰਿਸ਼ ਦਾ ਕਹਿਰ: ਸ਼ਿਮਲਾ 'ਚ ਥਾਂ-ਥਾਂ ਲੈਂਡਸਲਾਈਡ ਕਾਰਨ ਮਲਬੇ ਹੇਠਾਂ ਦੱਬੇ ਅੱਧਾ ਦਰਜਨ ਤੋਂ ਵੱਧ ਵਾਹਨ
ਸ਼ੁੱਕਰਵਾਰ ਸਵੇਰੇ ਤੇਜ਼ ਮੀਂਹ ਕਾਰਨ ਪੇਂਡੂ ਖੇਤਰਾਂ ਦੀਆਂ ਸੜਕਾਂ ਬੰਦ ਹੋ ਗਈਆਂ। ਕੰਧ ਡਿੱਗਣ ਦੀਆਂ ਘਟਨਾਵਾਂ ਵਿੱਚ ਪੰਚਮਹਲ ਜ਼ਿਲੇ ਵਿੱਚ ਚਾਰ ਅਤੇ ਆਨੰਦ ਜ਼ਿਲੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ। ਜਾਮਨਗਰ ਅਤੇ ਅਰਾਵਲੀ ਜ਼ਿਲਿਆਂ ’ਚ ਡੁੱਬਣ ਨਾਲ ਦੋ ਵਿਅਕਤੀਆਂ ਦੀ ਜਾਨ ਚਲੀ ਗਈ, ਜਦਕਿ ਅਮਰੇਲੀ ਜ਼ਿਲੇ ਦੇ ਲਾਠੀ ’ਚ ਇਕ ਔਰਤ ਦੀ ਹੜ੍ਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ– ਤ੍ਰਿਪੁਰਾ: ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਰੱਥ, 6 ਲੋਕਾਂ ਦੀ ਮੌਤ, 15 ਝੁਲਸੇ
ਦਿੱਲੀ, ਯੂ.ਪੀ. ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਪਹਾੜਾਂ ’ਚ ਤਰੇੜਾਂ ਆ ਰਹੀਆਂ ਹਨ। ਉੱਤਰਾਖੰਡ ’ਚ ਚਾਰਧਾਮ ਯਾਤਰਾ ’ਤੇ ਵੀ ਮੀਂਹ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਭਾਰੀ ਮੀਂਹ ਕਾਰਨ ਸ਼ਰਧਾਲੂਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੁਲਾਈ ਮਹੀਨੇ ਵਿੱਚ ਪੂਰੇ ਦੇਸ਼ ਭਰ ਵਿੱਚ ਆਮ ਬਾਰਿਸ਼ ਹੋਵੇਗੀ। ਦੇਸ਼ ਦੇ ਕਈ ਸੂਬਿਆਂ ਵਿੱਚ ਮਾਨਸੂਨ ਸਰਗਰਮ ਹੋ ਗਿਆ ਹੈ।
ਇਹ ਵੀ ਪੜ੍ਹੋ– ਘੱਗਰ ਨਦੀ 'ਚ ਕਾਰ ਸਣੇ ਰੁੜੀ ਔਰਤ, ਆਪਣੀ ਜਾਨ ਖ਼ਤਰੇ 'ਚ ਪਾ ਕੇ ਲੋਕਾਂ ਨੇ ਇੰਝ ਕੱਢਿਆ ਬਾਹਰ