ਆਸਮਾਨ 'ਚ ਕਾਲੇ ਬੱਦਲਾਂ ਦਾ ਡੇਰਾ, ਸਵੇਰੇ-ਸਵੇਰੇ ਦਿੱਲੀ-NCR 'ਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

Wednesday, Jul 24, 2024 - 11:49 AM (IST)

ਨਵੀਂ ਦਿੱਲੀ- ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਕਈ ਹਿੱਸਿਆਂ 'ਚ ਬੁੱਧਵਾਰ ਸਵੇਰੇ ਮੀਂਹ ਪਿਆ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਇਕ ਪਾਸੇ ਜਿੱਥੇ ਮੀਂਹ ਨੇ ਉਸਮ ਭਰੀ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਸੜਕਾਂ ਪਾਣੀ ਨਾਲ ਭਰ ਜਾਣ ਕਾਰਨ ਲੋਕਾਂ ਦੀ ਪਰੇਸ਼ਾਨੀ ਵੀ ਵੱਧ ਰਹੀ ਹੈ। ਦਰਅਸਲ ਸੜਕਾਂ ਪਾਣੀ ਨਾਲ ਭਰ ਜਾਣ ਕਾਰਨ ਗੱਡੀਆਂ ਦੀ ਰਫ਼ਤਾਰ ਥੰਮਣ ਕਾਰਨ ਸਵੇਰੇ ਦਫ਼ਤਰ ਜਾਣ ਵਾਲਿਆਂ ਨੂੰ ਟ੍ਰੈਫਿਕ ਜਾਮ ਨਾਲ ਜੂਝਣਾ ਪਿਆ। ਮੀਂਹ ਮਗਰੋਂ ਦਿੱਲੀ ਵਿਚ ਘੱਟੋ-ਘੱਟ ਤਾਪਮਾਨ 24.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ ਢਾਈ ਡਿਗਰੀ ਘੱਟ ਹੈ। ਦਿੱਲੀ ਟ੍ਰੈਫਿਕ ਪੁਲਿਸ ਮੁਤਾਬਕ ਦਿੱਲੀ-NCR ਖੇਤਰ 'ਚ ਸਵੇਰ ਦੇ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਅਤੇ ਟ੍ਰੈਫਿਕ ਜਾਮ ਹੋ ਗਿਆ। ਮੀਂਹ ਕਾਰਨ ਆਵਾਜਾਈ ਵਿਵਸਥਾ ਵੀ ਪ੍ਰਭਾਵਿਤ ਹੋਈ।

PunjabKesari

ਭਾਰਤੀ ਮੌਸਮ ਵਿਭਾਗ (IMD) ਨੇ ਵੀਰਵਾਰ ਤੱਕ ਦਿੱਲੀ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਰਾਜਧਾਨੀ 'ਚ 28 ਜੁਲਾਈ ਤੱਕ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦੇਸ਼ 'ਚ ਮੌਸਮ ਸਬੰਧੀ ਅਲਰਟ ਜਾਰੀ ਕਰਨ ਲਈ ਚਾਰ ਰੰਗਾਂ ਦੀ ਵਰਤੋਂ ਕਰਦਾ ਹੈ। ਇਹ ਚੇਤਾਵਨੀਆਂ ਹਨ-ਗ੍ਰੀਨ (ਕੋਈ ਕਾਰਵਾਈ ਦੀ ਲੋੜ ਨਹੀਂ), ਯੈਲੋ ( ਨਿਗਰਾਨੀ ਰੱਖੋ), ਆਰੇਂਜ (ਕਾਰਵਾਈ ਲਈ ਤਿਆਰ ਰਹੋ) ਅਤੇ ਰੈੱਡ (ਕਾਰਵਾਈ/ਸਹਾਇਤਾ ਦੀ ਲੋੜ ਹੈ)। 'ਯੈਲੋ ਅਲਰਟ' ਦਾ ਮਤਲਬ ਹੈ 6 ਤੋਂ 11 ਸੈਂਟੀਮੀਟਰ ਦਰਮਿਆਨ ਭਾਰੀ ਮੀਂਹ। 'ਰੈੱਡ ਅਲਰਟ' 24 ਘੰਟਿਆਂ 'ਚ 20 ਸੈਂਟੀਮੀਟਰ ਤੋਂ ਜ਼ਿਆਦਾ ਮੀਂਹ ਤੋਂ ਲੈ ਕੇ ਬੇਹੱਦ ਭਾਰੀ ਮੀਂਹ ਨੂੰ ਦਰਸਾਉਂਦਾ ਹੈ, ਜਦੋਂ ਕਿ 'ਆਰੇਂਜ ਅਲਰਟ' ਦਾ ਮਤਲਬ ਹੈ 6 ਤੋਂ 20 ਸੈਂਟੀਮੀਟਰ ਦੀ ਭਾਰੀ ਮੀਂਹ। 

PunjabKesari

IMD ਨੇ ਕਿਹਾ ਕਿ ਬੁੱਧਵਾਰ ਨੂੰ ਦਿੱਲੀ ਵਿਚ ਬੱਦਲ ਛਾਏ ਰਹਿਣਗੇ ਅਤੇ ਦਿਨ 'ਚ ਮੱਧਮ ਤੀਬਰਤਾ ਵਾਲੇ ਮੀਂਹ ਦੀ ਵੀ ਸੰਭਾਵਨਾ ਹੈ। ਰਾਜਧਾਨੀ ਵਿਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਦਿੱਲੀ ਟ੍ਰੈਫਿਕ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਦਿੱਲੀ ਦੇ ਸਭ ਤੋਂ ਪੁਰਾਣੇ ਸ਼ਮਸ਼ਾਨਘਾਟ ਨਿਗਮਬੋਧ ਘਾਟ 'ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਨੂੰ ਮੋੜ ਦਿੱਤਾ ਗਿਆ ਹੈ। ਟ੍ਰੈਫਿਕ ਪੁਲਸ ਨੇ ਦੱਸਿਆ ਕਿ ਰਾਣੀ ਬਾਗ ਸਥਿਤ ਹਰਿਆਣਾ ਮਿੱਤਰ ਭਵਨ 'ਚ ਇਕ ਵੱਡੇ ਬੋਹੜ ਦੇ ਦਰੱਖਤ ਦੇ ਪੁੱਟਣ ਕਾਰਨ ਇਲਾਕੇ 'ਚ ਟ੍ਰੈਫਿਕ ਜਾਮ ਹੋ ਗਿਆ।

PunjabKesari


Tanu

Content Editor

Related News