ਰਾਜੌਰੀ ''ਚ ਅੱਤਵਾਦੀਆਂ ਵੱਲੋਂ ਪੁਲਸ ਫੋਰਸ ''ਤੇ ਜ਼ਬਰਦਸਤ ਗੋਲੀਬਾਰੀ, ਸੁਰੱਖਿਆ ਬਲਾਂ ਨੇ ਪੂਰਾ ਇਲਾਕਾ ਕੀਤਾ ਸੀਲ

Tuesday, Sep 03, 2024 - 11:45 PM (IST)

ਰਾਜੌਰੀ : ਜੰਮੂ-ਕਸ਼ਮੀਰ 'ਚ ਇਕ ਵਾਰ ਮੁੜ ਅੱਤਵਾਦੀਆਂ ਅਤੇ ਪੁਲਸ ਵਿਚਾਲੇ ਮੁਕਾਬਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਇਲਾਕੇ 'ਚ ਅੱਤਵਾਦੀਆਂ ਨੇ ਪੁਲਸ ਫੋਰਸ 'ਤੇ ਜ਼ਬਰਦਸਤ ਗੋਲੀਬਾਰੀ ਕੀਤੀ ਹੈ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਇਲਾਕੇ ਦੀ ਚਾਰੇ ਪਾਸਿਓਂ ਘੇਰਾਬੰਦੀ ਕਰ ਦਿੱਤੀ ਗਈ ਹੈ। ਘਟਨਾ ਥਾਣਾ ਮੰਡੀ ਦੇ ਕਹਿਰੋਤ ਇਲਾਕੇ ਦੀ ਦੱਸੀ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸ਼ਾਮ ਰਾਜੌਰੀ ਜ਼ਿਲ੍ਹੇ ਦੇ ਥਾਣਾ ਮੰਡੀ ਖੇਤਰ 'ਚ ਕੁਝ ਅਣਪਛਾਤੇ ਅੱਤਵਾਦੀਆਂ ਨੇ ਪੁਲਸ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਅਤੇ ਫੌਜ ਨੇ ਹਮਲਾਵਰਾਂ ਨੂੰ ਫੜਨ ਲਈ ਇਲਾਕੇ ਦੀ ਵੱਡੇ ਪੱਧਰ 'ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਲਾਕੇ 'ਚ ਸੁਰੱਖਿਆ ਯਕੀਨੀ ਬਣਾਉਣ ਲਈ ਵਾਧੂ ਬਲ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ : IC-814 ਸੀਰੀਜ਼ 'ਤੇ ਫਟਕਾਰ ਤੋਂ ਬਾਅਦ Netflix ਦਾ ਵੱਡਾ ਫ਼ੈਸਲਾ, ਹੁਣ ਨਜ਼ਰ ਆਉਣਗੇ ਹਾਈਜੈਕਰਾਂ ਦੇ ਅਸਲੀ ਨਾਂ

ਰਿਪੋਰਟ ਮੁਤਾਬਕ ਸ਼ਾਮ ਕਰੀਬ 7.30 ਵਜੇ ਜਦੋਂ ਪੁਲਸ ਅਤੇ ਰਾਸ਼ਟਰੀ ਰਾਈਫਲਜ਼ ਦੇ ਜਵਾਨ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮੰਡੀ ਦੇ ਹੇਠਲੇ ਇਲਾਕੇ ਕਰਯੋਟੇ ਪਿੰਡ ਵੱਲ ਵਧੇ ਤਾਂ ਦੋਵਾਂ ਪਾਸਿਆਂ ਤੋਂ ਥੋੜ੍ਹੀ ਦੇਰ ਤੱਕ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਲਾਸ਼ੀ ਦਲਾਂ ਨੂੰ ਦੇਖ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਫਿਰ ਜਵਾਬੀ ਕਾਰਵਾਈ ਤੋਂ ਬਚਣ ਲਈ ਹਨੇਰੇ ਦਾ ਫਾਇਦਾ ਚੁੱਕ ਕੇ ਭੱਜ ਗਏ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਵੀ ਸੁਜਵਾਨ ਮਿਲਟਰੀ ਸਟੇਸ਼ਨ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਸੀ, ਜਿਸ 'ਚ ਇਕ ਜਵਾਨ ਸ਼ਹੀਦ ਹੋ ਗਿਆ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਅੱਜ ਫਿਰ ਅੱਤਵਾਦੀਆਂ ਵੱਲੋਂ ਚਲਾਈਆਂ ਗੋਲੀਆਂ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਸੁਰੱਖਿਆ ਬਲਾਂ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਹਰ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਅੱਤਵਾਦੀਆਂ ਦਾ ਕੋਈ ਸੁਰਾਗ ਮਿਲ ਸਕੇ। ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਸ਼ਾਮ ਰਾਜੌਰੀ ਖੇਤਰ ਦੇ ਕਹਿਰੋਤ ਇਲਾਕੇ 'ਚ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਇਲਾਕੇ ਦੇ ਹਰ ਹਿੱਸੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


Sandeep Kumar

Content Editor

Related News