ਵੈਕਸੀਨ ਲਾਉਣ ਲਈ ਨਦੀ ਪਾਰ ਕਰਦੇ ਦਿੱਸੇ ਸਿਹਤ ਕਾਮੇ, ਸੋਸ਼ਲ ਮੀਡੀਆ ’ਤੇ ਹਰ ਕੋਈ ਕਰ ਰਿਹੈ ਤਾਰੀਫ਼
Saturday, Jun 05, 2021 - 12:15 PM (IST)
ਜੰਮੂ— ਭਾਰਤ ਵਿਚ ਕੋਵਿਡ-19 ਦੇ ਇਕ ਦਿਨ ਵਿਚ ਸਭ ਤੋਂ ਘੱਟ 1,20,529 ਨਵੇਂ ਮਾਮਲੇ ਆਏ ਅਤੇ ਇਸ ਦੇ ਨਾਲ ਹੀ ਵਾਇਰਸ ਦੇ ਕੁੱਲ ਮਾਮਲੇ 2,86,94,879 ’ਤੇ ਪਹੁੰਚ ਗਏ। ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਭਰ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਤੱਕ 22 ਕਰੋੜ ਤੋਂ ਵਧੇਰੇ ਲੋਕਾਂ ਦਾ ਕੋਰੋਨਾ ਟੀਕਾਕਰਨ ਹੋ ਚੁੱਕਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੋਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ। ਜੰਮੂ-ਕਸ਼ਮੀਰ ਵਿਚ ਕੋਰੋਨਾ ਵਾਇਰਸ ਦਾ ਅਸਰ ਵੇਖਿਆ ਜਾ ਰਿਹਾ ਹੈ। ਜਿਸ ਨਾਲ ਨਜਿੱਠਣ ਲਈ ਸਿਹਤ ਕਾਮੇ ਸੂਬੇ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਜਾ ਕੇ ਕੋਰੋਨਾ ਦੀ ਖ਼ੁਰਾਕ ਲੋਕਾਂ ਨੂੰ ਲਾ ਰਹੇ ਹਨ।
ਇਹ ਵੀ ਪੜ੍ਹੋ : ਆਨਲਾਈਨ ਜਮਾਤਾਂ ਤੋਂ ਪਰੇਸ਼ਾਨ ਛੋਟੀ ਬੱਚੀ ਨੇ PM ਮੋਦੀ ਨੂੰ ਕੀਤੀ ਸ਼ਿਕਾਇਤ, ਵੀਡੀਓ ਵਾਇਰਲ
#WATCH Health workers cross a river to reach a remote area of Kandi block in Rajouri to conduct COVID19 vaccination drive#JammuAndKashmir pic.twitter.com/9x2CH6ogb6
— ANI (@ANI) June 4, 2021
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਇਲਾਕੇ ਵਿਚ ਕੋਵਿਡ ਟੀਕਾਕਰਨ ਮੁਹਿੰਮ ਚਲਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਿਹਤ ਕਾਮਿਆਂ ਦੀ ਇਕ ਟੀਮ ਨਦੀ ਨੂੰ ਪਾਰ ਕਰ ਕੇ ਲੰਘੀ। ਇਕ ਨਿਊਜ਼ ਏਜੰਸੀ ਵਲੋਂ ਸਾਂਝਾ ਕੀਤੀ ਗਈ ਇਸ ਵੀਡੀਓ ’ਚ ਟੀਮ ਦੇ ਮੈਂਬਰਾਂ ਨੂੰ ਟੀਕੇ ਦੀ ਖ਼ੁਰਾਕ ਨੂੰ ਸਟੋਰ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਠੰਡੇ ਬਕਸੇ ਨਾਲ ਨਦੀ ਪਾਰ ਕਰਦੇ ਹੋਏ ਵਿਖਾਇਆ ਗਿਆ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਵਿਚ ਕਈ ਲੋਕਾਂ ਨੇ ਸਿਹਤ ਕਾਮਿਆਂ ਦੇ ਸਮਰਪਣ ਦੀ ਪ੍ਰਸ਼ੰਸਾ ਕੀਤੀ ਹੈ।
ਇਹ ਵੀ ਪੜ੍ਹੋ : ਐਲਰਜੀ ਵਾਲੇ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣਾ ਚਾਹੀਦੈ ਜਾਂ ਨਹੀਂ, ਡਾਕਟਰ ਨੇ ਸਥਿਤੀ ਕੀਤੀ ਸਪੱਸ਼ਟ
ਵੀਡੀਓ ਵਿਚ ਦੋ ਬੀਬੀਆਂ ਅਤੇ ਇਕ ਪੁਰਸ਼ ਨੂੰ ਉਨ੍ਹਾਂ ਦੇ ਗੋਡਿਆਂ ਤੱਕ ਵਹਿਣ ਵਾਲੀ ਨਦੀ ’ਚ ਉਤਰਦੇ ਵੇਖਿਆ ਜਾ ਸਕਦਾ ਹੈ। ਤਿੰਨੋਂ ਇਕ-ਦੂਜੇ ਨੂੰ ਫੜ ਕੇ ਨਦੀ ਪਾਰ ਕਰ ਰਹੇ ਹਨ, ਜਿਸ ਤੋਂ ਬਾਅਦ ਦੋ ਹੋਰ ਸਿਹਤ ਕਾਮੇ ਵੀ ਵੈਕਸੀਨ ਦਾ ਬਕਸਾ ਲੈ ਕੇ ਨਦੀ ਨੂੰ ਪਾਰ ਕਰ ਰਹੇ ਹਨ। ਰਾਜੌਰੀ ਜ਼ਿਲ੍ਹੇ ਦੇ ਕੰਡੀ ਬਲਾਕ ਦੇ ਡਾਕਟਰ ਅਧਿਕਾਰੀ ਡਾ. ਇਕਬਾਲ ਮਲਿਕ ਨੇ ਦੱਸਿਆ ਕਿ ਬਲਾਕ ਵਿਚ ਵਿਆਪਕ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਮਲਿਕ ਨੇ ਕਿਹਾ ਕਿ ਇਸ ਦਾ ਉਦੇਸ਼ ਦੂਰ-ਦੁਰਾਡੇ ਇਲਾਕਿਆਂ ਵਿਚ ਕੋਵਿਡ ਖ਼ਿਲਾਫ਼ 100 ਫ਼ੀਸਦੀ ਆਬਾਦੀ ਦਾ ਟੀਕਾਕਰਨ ਕਰਨਾ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਨੇ ਸ਼ੁਰੂ ਕੀਤਾ ਡੋਰ-ਟੂ-ਡੋਰ ਟੀਕਾਕਰਨ