ਸਿਹਤ ਮੰਤਰਾਲਾ ਦੀ ਸੂਬਿਆਂ ਨੂੰ ਚਿਤਾਵਨੀ, ਕਿਹਾ- ਤੁਰੰਤ ਵਧਾਓ ਟੈਸਟਿੰਗ, ਘੱਟ ਨਾ ਹੋਵੇ ਕੋਰੋਨਾ ਦੀ ਜਾਂਚ

01/18/2022 6:03:03 PM

ਨੈਸ਼ਨਲ ਡੈਸਕ– ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤੁਰੰਤ ਕੋਰੋਨਾ ਵਾਇਰਸ ਦੀ ਟੈਸਟਿੰਗ ਦੀ ਗਿਣਤੀ ਵਧਾਉਣ ਲਈ ਕਿਹਾ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਇਕ ਚਿੱਠੀ ਰਾਹੀਂ ਕਿਹਾ ਹੈ ਕਿ ਕੋਰੋਨਾ ਦੇ ਹਾਟ-ਸਪਾਟ ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ’ਚ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਟੈਸਟਿੰਗ ਨੂੰ ਤੁਰੰਤ ਰਣਨੀਤਿਕ ਤਰੀਕੇ ਨਾਲ ਵਧਾਉਣ। ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਸੰਘਣੀ ਆਬਾਦੀ ਵਾਲੇ ਇਲਾਕੇ ਅਤੇ ਕੋਵਿਡ ਹਾਟ-ਸਪਾਟ ’ਤੇ ਰਹਿਣ ਵਾਲੇ ਲੋਕਾਂ ਸਮੇਤ ਕੋਰੋਨਾ ਪਾਜ਼ੇਟਿਵ ਦੇ ਸੰਪਰਕ ’ਚ ਆਉਣ ਵਾਲੇ ਹਾਈ ਰਿਸਕ ਵਾਲੇ ਵਿਅਕਤੀਆਂ ਦਾ ਟੈਸਟ ਕੀਤਾ ਜਾਣਾ ਚਾਹੀਦਾ ਹੈ।

ਦਰਅਸਲ, ਦੇਸ਼ ’ਚ ਕੋਰੋਨਾ ਦਾ ਗ੍ਰਾਫ ਹੁਣ ਥੋੜ੍ਹਾ ਹੇਠਾਂ ਆ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਦੇਸ਼ ’ਚ 2.38 ਲੱਖ ਨਵੇਂ ਮਾਮਲੇ ਸਾਹਮਣੇ ਆਏ ਜੋ ਐਤਵਾਰ ਦੇ ਮੁਕਾਬਲੇ 7.8 ਫੀਸਦੀ ਘੱਟ ਹੈ। ਇਨਫੈਕਸ਼ਨ ਦਰ ’ਚ ਵੀ ਥੋੜ੍ਹੀ ਕਮੀ ਆਈ ਹੈ। ਸੋਮਵਾਰ ਨੂੰ ਪਾਜ਼ੇਟਿਵਿਟੀ ਰੇਟ 13.11 ਫੀਸਦੀ ਰਿਹਾ ਜੋ ਐਤਵਾਰ ਨੂੰ 14.78 ਫੀਸਦੀ ਸੀ। 

ਦਿੱਲੀ ਅਤੇ ਮੁੰਬਈ ’ਚ ਵੀ ਲਗਾਤਾਰ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ। ਇਹ ਦੋਵੇਂ ਕੋਰੋਨਾ ਦੇ ਹਾਟ-ਸਪਾਟ ਸਨ, ਜਿਥੇ ਤੇਜ਼ੀ ਨਾਲ ਮਾਮਲੇ ਵਧੇ ਸਨ ਪਰ ਹੁਣ ਇਥੇ ਦੋਵਾਂ ਥਾਵਾਂ ’ਤੇ ਕੁਝ ਦਿਨਾਂ ਤੋਂ ਮਾਮਲੇ ਘੱਟ ਹੋ ਰਹੇ ਹਨ।

ਕੋਰੋਨਾ ਦੀ ਜਾਂਚ ’ਚ ਕਮੀ ਆਉਣ ਦਾ ਇਕ ਕਾਰਨ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ICMR) ਦੀਆਂ ਨਵੀਆਂ ਗਾਈਡਲਾਈਨਜ਼ ਨੂੰ ਵੀ ਮੰਨਿਆ ਜਾ ਰਿਹਾ ਹੈ। ਕੋਰੋਨਾ ਟੈਸਟਿੰਗ ’ਤੇ ICMR ਦੀਆਂ ਨਵੀਆਂ ਗਾਈਡਲਾਈਨਜ਼ ਮੁਤਾਬਕ, ਪਾਜ਼ੇਟਿਵ ਦੇ ਸੰਪਰਕ ’ਚ ਆਏ ਲੋਕਾਂ ਨੂੰ ਵੀ ਕੋਰੋਨਾ ਜਾਂਚ ਕਰਵਾਉਣ ਦੀ ਲੋੜ ਨਹੀਂ ਹੈ।

ICMR ਦੀਆਂ ਗਾਈਡਲਾਈਨਜ਼ ਕਹਿੰਦੀਆਂ ਹਨ ਕਿ ਕੋਰੋਨਾ ਪਾਜ਼ੇਟਿਵ ਦੇ ਸੰਪਰਕ ’ਚ ਆਏ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਜਾਂਚ ਕਰਵਾਉਣ ਦੀ ਲੋੜ ਹੈ ਜਿਨ੍ਹਾਂ ਦੀ ਉਮਰ 60 ਸਾਲਾਂ ਤੋਂ ਜ਼ਿਆਦਾ ਹੈ ਅਤੇ ਜਿਨ੍ਹਾਂ ਨੂੰ ਕੋਈ ਗੰਭੀਰ ਬੀਮਾਰੀ ਹੈ। ਸਰਕਾਰ ਨੇ ਬਜ਼ੁਰਗਾਂ ਅਤੇ ਗੰਭੀਰ ਬੀਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਹਾਈ ਰਿਸਕ ਕੈਟੇਗਰੀ ’ਚ ਰੱਖਿਆ ਹੈ। 


Rakesh

Content Editor

Related News