ਸਾਈਕਲ ਚਲਾ ਕੇ ਸੰਸਦ ਪਹੁੰਚੇ ਸਿਹਤ ਮੰਤਰੀ ਮਨਸੁਖ, ਸਾਦਗੀ ਵੇਖ ਸੁਰੱਖਿਆ ਕਰਮੀ ਹੋਏ ਹੈਰਾਨ
Wednesday, Feb 02, 2022 - 12:45 PM (IST)
ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਯਾਨੀ ਕਿ ਕੱਲ ਲੋਕ ਸਭਾ ’ਚ ਆਮ ਬਜਟ 2022 ਪੇਸ਼ ਕੀਤਾ। ਉੱਥੇ ਹੀ ਅੱਜ ਸੰਸਦ ’ਚ ਬਜਟ ਸੈਸ਼ਨ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਦਿੱਲੀ ਦੀਆਂ ਸੜਕਾਂ ’ਤੇ ਕੁਝ ਖ਼ਾਸ ਵੇਖਣ ਨੂੰ ਮਿਲਿਆ। ਸਵੇਰੇ-ਸਵੇਰੇ ਸੰਸਦ ਜਾਣ ਤੋਂ ਪਹਿਲਾਂ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦੇਸ਼ਵਾਸੀਆਂ ਨੂੰ ਇਕ ਵੱਖਰਾ ਹੀ ਸੰਦੇਸ਼ ਦਿੱਤਾ। ਉਹ ਸਾਈਕਲ ਚਲਾ ਕੇ ਸੰਸਦ ਭਵਨ ਪਹੁੰਚੇ। ਦਰਅਸਲ ਦਿੱਲੀ ਵਿਚ ਪ੍ਰਦੂਸ਼ਣ ਹਮੇਸ਼ਾ ਤੋਂ ਹੀ ਇਕ ਵੱਡੀ ਸਮੱਸਿਆ ਰਹੀ ਹੈ, ਜਿਸ ਨੂੰ ਵੇਖਦੇ ਹੋਏ ਸਿਹਤ ਮੰਤਰੀ ਨੇ ਇਕ ਵੱਖਰੀ ਪਹਿਲ ਦੀ ਸ਼ੁਰੂਆਤ ਕੀਤੀ।
#WATCH | Union Health Minister Mansukh Mandaviya rides a bicycle to Parliament in New Delhi pic.twitter.com/OCW3K896WC
— ANI (@ANI) February 2, 2022
ਬੁੱਧਵਾਰ ਯਾਨੀ ਕਿ ਅੱਜ ਸੰਸਦ ਦੀ ਕਾਰਵਾਈ ’ਚ ਮੌਜੂਦ ਹੋਣ ਲਈ ਸਿਹਤ ਮੰਤਰੀ ਮਨਸੁਖ ਮਾਂਡਵੀਆ ਕਾਰ ਦੀ ਬਜਾਏ ਸਾਈਕਲ ਚਲਾਉਂਦੇ ਹੋਏ ਨਜ਼ਰ ਆਏ। ਆਮ ਤੌਰ ’ਤੇ ਨੇਤਾਵਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਮਹਿੰਗੀ ਅਤੇ ਲਗਜ਼ਰੀ ਗੱਡੀਆਂ ਦਾ ਸ਼ੌਕ ਹੁੰਦਾ ਹੈ ਅਤੇ ਉਹ ਮਹਿੰਗੀਆਂ ਕਾਰਾਂ ’ਚ ਯਾਤਰਾ ਕਰਨਾ ਪਸੰਦ ਕਰਦੇ ਹਨ ਪਰ ਮਾਂਡਵੀਆ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਹ ਬੇਹੱਦ ਸਾਦਗੀ ਪਸੰਦ ਨੇਤਾ ਹਨ। ਆਮ ਆਦਮੀ ਦੀ ਤਰ੍ਹਾਂ ਮੂੰਹ ’ਤੇ ਮਾਸਕ ਲਾ ਕੇ ਅਤੇ ਮਫਲਰ ਪਹਿਨੇ ਮਾਂਡਵੀਆ ਨੂੰ ਵੇਖ ਕੇ ਸੁਰੱਖਿਆ ਕਰਮੀ ਵੀ ਹੈਰਾਨ ਹੋ ਗਏ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਗਸਤ ਵਿਚ ਮਾਨਸੂਨ ਸੈਸ਼ਨ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਸਾਈਕਲ ਚਲਾ ਕੇ ਸੰਸਦ ਭਵਨ ਪਹੁੰਚੇ ਸਨ। ਰਾਹੁਲ ਉਸ ਸਮੇਂ ਇਕੱਲੇ ਨਹੀਂ ਸਨ ਸਗੋਂ ਉਨ੍ਹਾਂ ਨਾਲ ਕਾਂਗਰਸ ਅਤੇ ਵਿਰੋਧੀ ਦਲ ਦੇ ਹੋਰ ਨੇਤਾ ਵੀ ਸਾਈਕਲ ਚਲਾ ਕੇ ਸੰਸਦ ਭਵਨ ਆਏ ਸਨ।