ਹੰਗਾਮੀ ਹਾਲਤ ਨਾਲ ਨਜਿੱਠਣ ਲਈ ਹਸਪਤਾਲ ਤਿਆਰ
Friday, May 09, 2025 - 10:59 PM (IST)

ਨਵੀਂ ਦਿੱਲੀ- ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਵਧਣ ਕਾਰਨ ਰਾਜਧਾਨੀ ਦਿੱਲੀ ਦੇ ਹਸਪਤਾਲ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਸ ਲਈ ਆਰ. ਐੱਮ. ਐੱਲ., ਸਫਦਰਜੰਗ ਤੇ ਲੇਡੀ ਹਾਰਡਿੰਗ ਸਮੇਤ ਕਈ ਹਸਪਤਾਲਾਂ ਨੇ ਡਾਕਟਰਾਂ ਦੇ ਨਾਲ-ਨਾਲ ਸਾਰੇ ਸਿਹਤ ਸੰਭਾਲ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਨਾਲ ਹੀ ਬਿਨਾਂ ਇਜਾਜ਼ਤ ਤੋਂ ਸੂਬੇ ਤੋਂ ਬਾਹਰ ਜਾਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ।
ਆਰ. ਐੱਮ. ਐੱਲ. ਹਸਪਤਾਲ ਦੇ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਪੁਲਿਨ ਗੁਪਤਾ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਧਿਆਨ ’ਚ ਰਖਦਿਆਂ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਸਟੇਸ਼ਨ ਤੋਂ ਬਾਹਰ ਜਾਣ ਦੀ ਮਨਾਹੀ ਹੈ। ਆਈ. ਸੀ. ਯੂ. ਤੇ ਹੋਰ ਮਸ਼ੀਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐਮਰਜੈਂਸੀ ਵਿਭਾਗ ’ਚ ਵਾਧੂ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਆਫ਼ਤ ਨਾਲ ਨਜਿੱਠਣ ਲਈ 40 ਬੈੱਡ ਰਾਖਵੇਂ ਰੱਖੇ ਗਏ ਹਨ।
ਸਰਜਰੀ ਕਰਨ ਵਾਲੇ ਮਾਹਿਰਾਂ ਦੀਆਂ ਸੇਵਾਵਾਂ 24 ਘੰਟੇ ਉਪਲਬਧ ਰਹਿਣਗੀਆਂ। ਸਫਦਰਜੰਗ ਹਸਪਤਾਲ ਨੇ ਇਕ ਅਧਿਕਾਰਤ ਹੁਕਮ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਸਥਿਤੀ ਨੂੰ ਵੇਖਦਿਆਂ ਟੀਚਿੰਗ ਫੈਕਲਟੀ ਦੀਆਂ ਗਰਮੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।