ਨਾਬਾਲਗ ਪਤਨੀ ਨਾਲ ਜਿਨਸੀ ਸੰਬੰਧ ਬਣਾਉਣਾ, ਜਬਰ ਜ਼ਿਨਾਹ ਨਹੀਂ : ਹਾਈ ਕੋਰਟ

Wednesday, Aug 23, 2023 - 12:12 PM (IST)

ਨਾਬਾਲਗ ਪਤਨੀ ਨਾਲ ਜਿਨਸੀ ਸੰਬੰਧ ਬਣਾਉਣਾ, ਜਬਰ ਜ਼ਿਨਾਹ ਨਹੀਂ : ਹਾਈ ਕੋਰਟ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ 15 ਸਾਲਾ ਪਤਨੀ ਨਾਲ ਜਬਰ ਜ਼ਿਨਾਹ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਬਰੀ ਕੀਤੇ ਜਾਣ ਖ਼ਿਲਾਫ਼ ਰਾਜ ਦੀ ਅਪੀਲ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪਤਨੀ ਨਾਲ ਉਸ ਦੇ ਸਰੀਰਕ ਸੰਬੰਧ ਨੂੰ ਜਬਰ ਜ਼ਿਨਾਹ ਨਹੀਂ ਕਿਹਾ ਜਾ ਸਕਦਾ ਹੈ। ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ, ਜਿਸ ਨੇ ਇਕ ਮੁਸਲਿਮ ਵਿਅਕਤੀ ਨੂੰ ਆਪਣੀ ਦੂਜੀ ਪਤਨੀ ਨਾਲ ਜਬਰ ਜ਼ਿਨਾਹ ਦਾ ਦੋਸ਼ੀ ਕਰਾਰ ਨਹੀਂ ਦਿੱਤਾ ਸੀ। ਹਾਈ ਕੋਰਟ ਨੇ ਕਿਹਾ ਕਿ ਉਸ ਨੂੰ ਬਰੀ ਕਰਨ ਦਾ ਫ਼ੈਸਲਾ ਸਹੀ ਹੈ। ਜੱਜ ਸੁਰੇਸ਼ ਕੁਮਾਰ ਕੈਤ ਅਤੇ ਜੱਜ ਨੀਨਾ ਬੰਸਲ ਕ੍ਰਿਸ਼ਨਾ ਦੀ ਬੈਂਚ ਨੇ ਕਿਹਾ,''ਐਡੀਸ਼ਨਲ ਸੈਸ਼ਨ ਜੱਜ ਨੇ ਸਹੀ ਕਿਹਾ ਸੀ ਕਿ ਬੱਚੀ ਦੀ ਇਸ ਗਵਾਹੀ ਨੂੰ ਧਿਆਨ 'ਚ ਰੱਖਦੇ ਹੋਏ ਉਸ ਨੇ ਦਸੰਬਰ 2014 'ਚ ਪ੍ਰਤੀਵਾਦੀ (ਵਿਅਕਤੀ) ਨਾਲ ਵਿਆਹ ਕੀਤਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਵਿਚਾਲੇ ਸਰੀਰਕ ਸੰਬੰਧ ਬਣੇ, ਇਹ ਪੋਕਸੋ ਕਾਨੂੰਨ ਦੀ ਧਾਰਾ 5 (1) ਨਾਲ ਧਾਰਾ 6 ਨੂੰ ਪੜ੍ਹਦੇ ਹੋਏ ਕੋਈ ਅਪਰਾਧ ਨਹੀਂ ਹੈ ਅਤੇ ਪ੍ਰਤੀਵਾਦੀ ਨੂੰ ਬਰੀ ਕਰਨਾ ਉੱਚਿਤ ਸੀ।''

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ 'ਤੇ ਵਾਹਨਾਂ ਦੀ ਆਵਾਜਾਈ ਬੰਦ

ਹਾਈ ਕੋਰਟ ਨੇ ਕਿਹਾ,''ਅਸੀਂ ਪਾਇਆ ਕਿ ਕਿਉਂਕਿ ਪੀੜਤਾ ਕੁੜੀ ਪਤਨੀ ਸੀ, ਜਿਸ ਦੀ ਉਮਰ ਲਗਭਗ 15 ਸਾਲ ਸੀ, ਇਸ ਲਈ ਪੀੜਤਾ ਨਾਲ ਪ੍ਰਤੀਵਾਦੀ ਦੇ ਸਰੀਰਕ ਸੰਬੰਧ ਨੂੰ ਜਬਰ ਜ਼ਿਨਾਹ ਨਹੀਂ ਕਿਹਾ ਜਾ ਸਕਦਾ। ਪ੍ਰਤੀਵਾਦੀ ਨੂੰ ਬਰੀ ਕਰਨ ਦਾ ਫ਼ੈਸਲਾ ਸਹੀ ਸੀ।'' ਭਾਰਤੀ ਦੰਡਾਵਲੀ ਦੀ ਧਾਰਾ 375 (ਜਬਰ ਜ਼ਿਨਾਹ) ਦੇ ਅਧੀਨ ਭੁਗਤਾਨ ਛੋਟ ਦੇ ਅਧੀਨ ਕਿਸੇ ਵਿਅਕਤੀ ਵਲੋਂ ਉਸ ਦੀ ਪਤਨੀ ਨਾਲ ਜਿਨਸੀ ਸੰਬੰਧ ਬਣਾਉਣਾ, ਜਬਰ ਜ਼ਿਨਾਹ ਨਹੀਂ ਹੈ। ਇਸਤਗਾਸਾ ਪੱਖ ਅਨੁਸਾਰ 2015 'ਚ ਕੁੜੀ ਦੀ ਮਾਂ ਦੀ ਸ਼ਿਕਾਇਤ 'ਤੇ ਉਸ ਵਿਅਕਤੀ ਖ਼ਿਲਾਫ਼ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਦੋਂ ਔਰਤ ਨੂੰ ਆਪਣੀ ਨਾਬਾਲਗ ਧੀ ਦੇ ਗਰਭਵਤੀ ਹੋਣ ਦਾ ਪਤਾ ਲੱਗਾ ਸੀ। ਕੁੜੀ ਨੇ ਹੇਠਲੀ ਅਦਾਲਤ ਦੇ ਸਾਹਮਣੇ ਆਪਣੀ ਗਵਾਹੀ 'ਚ ਕਿਹਾ ਕਿ ਉਸ ਦੇ ਜੀਜਾ ਨੇ ਦਸੰਬਰ 2014 'ਚ ਉਸ ਨਾਲ ਵਿਆਹ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਉਸ ਦੀ ਸਹਿਮਤੀ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਹ ਗਰਭਵਤੀ ਹੋ ਗਈ। ਕੁੜੀ ਨੇ ਕਿਹਾ ਕਿ ਉਸ ਨੇ ਵਿਆਹ ਕੀਤਾ ਸੀ, ਇਸ ਗੱਲ ਦੀ ਜਾਣਕਾਰੀ ਮਾਂ ਨੂੰ ਨਹੀਂ ਸੀ। ਮਾਂ ਨੇ ਆਪਣੀ ਧੀ ਦੇ ਗਰਭਵਤੀ ਹੋਣ ਦਾ ਪਤਾ ਲੱਗਣ ਤੋਂ ਬਾਅਦ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News