HC ਨੇ ਦਿੱਲੀ ਸਰਕਾਰ ਨੂੰ ਪੁੱਛਿਆ- ਆਖ਼ਰਕਾਰ ''ਸਪਾ'' ਕਿਉਂ ਨਹੀਂ ਖੋਲ੍ਹੇ ਗਏ

Tuesday, Nov 24, 2020 - 02:53 PM (IST)

HC ਨੇ ਦਿੱਲੀ ਸਰਕਾਰ ਨੂੰ ਪੁੱਛਿਆ- ਆਖ਼ਰਕਾਰ ''ਸਪਾ'' ਕਿਉਂ ਨਹੀਂ ਖੋਲ੍ਹੇ ਗਏ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਹਾਈ ਕੋਰਟ ਨੇ ਮੰਗਲਵਾਰ ਯਾਨੀ ਕਿ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਸਵਾਲ ਕੀਤਾ ਹੈ। ਕੋਰਟ ਨੇ ਪੁੱਛਿਆ ਕਿ ਸਪਾ ਨੂੰ ਲੈ ਕੇ ਅਜਿਹੀ ਕੀ ਖ਼ਾਸ ਗੱਲ ਹੈ ਕਿ ਉਨ੍ਹਾਂ ਨੂੰ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ, ਜਦਕਿ ਰਾਜਧਾਨੀ ਦਿੱਲੀ 'ਚ ਬਜ਼ਾਰ, ਜਿਮ, ਰੈਸਟੋਰੈਂਟ, ਮੈਟਰੋ ਅਤੇ ਬੱਸ ਆਦਿ ਸਭ ਚਾਲੂ ਹਨ। ਇਸ ਦੇ ਜਵਾਬ ਵਿਚ ਦਿੱਲੀ ਸਰਕਾਰ ਨੇ ਕਿਹਾ ਕਿ ਉਹ ਸ਼ਹਿਰ ਵਿਚ ਕੋਵਿਡ-19 ਵਾਇਰਸ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਇਸ ਦੀ ਆਗਿਆ ਨਹੀਂ ਦੇ ਰਹੀ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਸਪਾ ਮੁੜ ਖੋਲ੍ਹਣ ਦੀ ਆਗਿਆ ਦੇਣ ਲਈ 18 ਨਵੰਬਰ ਨੂੰ ਇਕ ਸਰਕਾਰੀ ਮੰਗ ਪੱਤਰ ਜਾਰੀ ਕੀਤਾ ਸੀ। 

ਦਿੱਲੀ ਸਰਕਾਰ ਵਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਨੂੰ ਜ਼ੁਬਾਨੀ ਨਿਰਦੇਸ਼ ਦਿੱਤੇ ਗਏ ਸਨ ਕਿ ਰਾਸ਼ਟਰੀ ਰਾਜਧਾਨੀ 'ਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਪਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਇਸ ਦਾ ਕਾਰਨ ਸਪੱਸ਼ਟ ਕਰਨ ਵਾਲਾ ਹਲਫ਼ਨਾਮਾ ਦੇਣ ਲਈ ਸਮਾਂ ਮੰਗਿਆ। ਇਸ 'ਤੇ ਅਦਾਲਤ ਨੇ ਪੁੱਛਿਆ-  ਕਿਉਂ? ਸਿਰਫ ਸਪਾ ਹੀ ਕਿਉਂ? ਸਪਾ ਨੂੰ ਲੈ ਕੇ ਅਜਿਹੀ ਕੀ ਗੱਲ ਹੈ? ਤੁਸੀਂ ਬਾਕੀ ਸਭ ਕੁਝ ਖੋਲ੍ਹ ਦਿੱਤਾ ਹੈ। ਬਾਜ਼ਾਰ, ਰੈਸਟੋਰੈਂਟ, ਮੈਟਰੋ, ਬੱਸ ਸਭ ਖੁੱਲ੍ਹੇ ਹਨ ਅਤੇ ਪੂਰੀ ਤਰ੍ਹਾਂ ਚਾਲੂ ਹਨ। ਅਦਾਲਤ ਨੇ ਦਿੱਲੀ ਸਰਕਾਰ ਨੂੰ ਹਲਫ਼ਨਾਮੇ 'ਚ ਇਹ ਗੱਲ ਸਪੱਸ਼ਟ ਕਰਨ ਦਾ ਨਿਰਦੇਸ਼ ਦਿੱਤਾ ਕਿ ਸਪਾ ਨੂੰ ਲੈ ਕੇ ਅਜਿਹੀ ਕੀ ਖ਼ਾਸ ਗੱਲ ਹੈ ਕਿ ਉਨ੍ਹਾਂ ਨੂੰ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਅਤੇ ਬਾਕੀ ਹਰ ਚੀਜ਼ ਦੀ ਆਗਿਆ ਕਿਉਂ ਦੇ ਦਿੱਤੀ ਗਈ ਹੈ।


author

Tanu

Content Editor

Related News