ਪਹਿਲਾਂ ਦਿੱਤੀ ਲਿਫ਼ਟ, ਫਿਰ ਗੱਡੀ ਸਣੇ ਫੂਕ''ਤਾ ਬੰਦਾ ! ਪੈਸੇ ਖ਼ਾਤਰ ਹੈਵਾਨ ਬਣ ਗਿਆ ਰਿਕਵਰੀ ਏਜੰਟ

Tuesday, Dec 16, 2025 - 03:34 PM (IST)

ਪਹਿਲਾਂ ਦਿੱਤੀ ਲਿਫ਼ਟ, ਫਿਰ ਗੱਡੀ ਸਣੇ ਫੂਕ''ਤਾ ਬੰਦਾ ! ਪੈਸੇ ਖ਼ਾਤਰ ਹੈਵਾਨ ਬਣ ਗਿਆ ਰਿਕਵਰੀ ਏਜੰਟ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਤੇ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਲੋਨ ਰਿਕਵਰੀ ਏਜੰਟ ਨੇ ਆਪਣੇ ਉੱਪਰ ਚੜ੍ਹੇ ਭਾਰੀ ਕਰਜ਼ੇ ਤੋਂ ਬਚਣ ਤੇ ਇੱਕ ਕਰੋੜ ਰੁਪਏ ਦੀ ਬੀਮਾ ਰਾਸ਼ੀ ਹਾਸਲ ਕਰਨ ਦੇ ਲਾਲਚ ਵਿੱਚ ਆਪਣੀ ਮੌਤ ਦਾ ਡਰਾਮਾ ਰਚਿਆ। ਇਸ ਖੌਫਨਾਕ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਉਸ ਨੇ ਇੱਕ ਬੇਕਸੂਰ ਵਿਅਕਤੀ ਦਾ ਕਤਲ ਕਰ ਕੇ ਉਸਦੀ ਲਾਸ਼ ਨੂੰ ਕਾਰ 'ਚ ਜ਼ਿੰਦਾ ਸਾੜ ਦਿੱਤਾ।

ਘਟਨਾ ਦੋ ਦਿਨ ਪਹਿਲਾਂ ਲਾਤੂਰ ਦੇ ਔਸਾ ਸ਼ਹਿਰ ਦੇ ਵਾਣਵਡਾ ਰੋਡ ਇਲਾਕੇ ਦੀ ਹੈ, ਜਦੋਂ ਇੱਕ ਸਕੋਡਾ ਕਾਰ ਵਿੱਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ। ਪੁਲਸ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਕਾਰ ਵਿੱਚੋਂ ਇੱਕ ਪੂਰੀ ਤਰ੍ਹਾਂ ਸੜੀ ਹੋਈ ਲਾਸ਼ ਬਰਾਮਦ ਹੋਈ। ਕਾਰ ਦੀ ਨੰਬਰ ਪਲੇਟ ਤੇ ਲਾਸ਼ ਕੋਲੋਂ ਮਿਲੇ ਕੁਝ ਨਿੱਜੀ ਸਾਮਾਨ ਦੇ ਆਧਾਰ 'ਤੇ ਮੁੱਢਲੇ ਤੌਰ 'ਤੇ ਮ੍ਰਿਤਕ ਦੀ ਪਛਾਣ 35 ਸਾਲਾ ਗਣੇਸ਼ ਚੌਹਾਨ ਵਜੋਂ ਹੋਈ, ਜੋ ਕਾਰ ਚਲਾ ਰਿਹਾ ਸੀ। ਗਣੇਸ਼ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਤੇ 1 ਕਰੋੜ ਰੁਪਏ ਦਾ ਬੀਮਾ ਕਲੇਮ ਲੈਣ ਲਈ ਉਸ ਨੇ ਖੁਦ ਦੀ ਮੌਤ ਦੀ ਸਾਜ਼ਿਸ਼ ਰਚੀ ਸੀ।
ਬੇਕਸੂਰ ਨੂੰ ਬਣਾਇਆ ਸ਼ਿਕਾਰ ਆਪਣੀ ਮੌਤ ਨੂੰ ਯਕੀਨੀ ਬਣਾਉਣ ਲਈ  ਗਣੇਸ਼ ਚੌਹਾਨ ਨੇ ਔਸਾ ਟੀ-ਪੁਆਇੰਟ 'ਤੇ ਨਸ਼ੇ ਦੀ ਹਾਲਤ ਵਿੱਚ ਲਿਫਟ ਮੰਗ ਰਹੇ ਗੋਵਿੰਦ ਯਾਦਵ (ਜਾਂ ਗੋਵਿੰਦ ਕਿਸਨ ਰਾਉਤੇ) ਨਾਮਕ ਇੱਕ ਵਿਅਕਤੀ ਨੂੰ ਆਪਣੀ ਕਾਰ ਵਿੱਚ ਬਿਠਾਇਆ। ਯੋਜਨਾ ਮੁਤਾਬਕ ਉਸ ਨੇ ਗੋਵਿੰਦ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਤੇ ਲਾਸ਼ ਨੂੰ ਕਾਰ ਵਿੱਚ ਪਾ ਕੇ ਗੱਡੀ ਨੂੰ ਅੱਗ ਲਗਾ ਦਿੱਤੀ।

ਪ੍ਰੇਮਿਕਾ ਨਾਲ ਚੈਟਿੰਗ ਨੇ ਖੋਲ੍ਹਿਆ ਭੇਦ ਭਾਵੇਂ ਸ਼ੁਰੂ ਵਿੱਚ ਇਹ ਮਾਮਲਾ ਆਤਮ-ਹੱਤਿਆ ਜਾਂ ਹਾਦਸੇ ਵਰਗਾ ਲੱਗ ਰਿਹਾ ਸੀ, ਪਰ ਔਸਾ ਪੁਲਸ ਨੂੰ ਸ਼ੱਕ ਹੋਇਆ। ਤਕਨੀਕੀ ਜਾਂਚ ਦੌਰਾਨ ਕਹਾਣੀ ਵਿੱਚ ਇੱਕ ਵੱਡਾ ਮੋੜ ਆਇਆ। ਪੁਲਸ ਨੂੰ ਪਤਾ ਲੱਗਾ ਕਿ ਗਣੇਸ਼ ਚੌਹਾਨ ਦਾ ਮੋਬਾਈਲ ਫੋਨ ਤਾਂ ਸੜੀ ਹੋਈ ਕਾਰ ਵਿੱਚੋਂ ਮਿਲਿਆ ਸੀ ਤੇ ਉਸਦੇ ਦੋਵੇਂ ਨਿੱਜੀ ਨੰਬਰ ਵੀ ਬੰਦ ਸਨ ਪਰ ਉਹ ਇੱਕ ਤੀਜੇ ਮੋਬਾਈਲ ਨੰਬਰ ਰਾਹੀਂ ਆਪਣੀ ਪ੍ਰੇਮਿਕਾ ਨਾਲ ਲਗਾਤਾਰ ਗੱਲਬਾਤ (ਚੈਟਿੰਗ) ਕਰ ਰਿਹਾ ਸੀ। ਇਸ ਚੈਟਿੰਗ ਨੇ ਪੁਲਸ ਨੂੰ ਯਕੀਨ ਦਿਵਾਇਆ ਕਿ ਜਿਸ ਵਿਅਕਤੀ ਨੂੰ ਮ੍ਰਿਤਕ ਸਮਝਿਆ ਜਾ ਰਿਹਾ ਹੈ, ਉਹ ਅਸਲ ਵਿੱਚ ਜ਼ਿੰਦਾ ਹੈ।

24 ਘੰਟਿਆਂ ਵਿੱਚ ਹੋਇਆ ਗ੍ਰਿਫਤਾਰ ਪੁਲਸ ਨੇ ਬਿਨਾਂ ਸਮਾਂ ਗੁਆਏ ਤੀਜੇ ਮੋਬਾਈਲ ਨੰਬਰ ਨੂੰ ਟ੍ਰੇਸ ਕੀਤਾ ਤੇ ਰਾਤੋਂ-ਰਾਤ ਲਾਤੂਰ ਤੋਂ ਲਗਭਗ 500 ਕਿਲੋਮੀਟਰ ਦੂਰ ਸਿੰਧੂਦੁਰਗ ਜ਼ਿਲ੍ਹੇ ਦੇ ਵਿਜੇਦੁਰਗ ਪਹੁੰਚ ਕੇ ਗਣੇਸ਼ ਚੌਹਾਨ ਨੂੰ ਹਿਰਾਸਤ ਵਿੱਚ ਲੈ ਲਿਆ। ਸਖ਼ਤੀ ਕਰਨ 'ਤੇ ਗਣੇਸ਼ ਨੇ ਆਪਣਾ ਜੁਰਮ ਕਬੂਲ ਕਰ ਲਿਆ ਤੇ ਪੂਰੀ ਸਾਜ਼ਿਸ਼ ਦਾ ਖੁਲਾਸਾ ਕੀਤਾ। ਲਾਤੂਰ ਪੁਲਸ ਨੇ ਆਪਣੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਸ ਕਤਲ ਦੀ ਗੁੱਥੀ ਨੂੰ ਮਹਿਜ਼ 24 ਘੰਟਿਆਂ ਦੇ ਅੰਦਰ ਸੁਲਝਾ ਲਿਆ। ਪੁਲਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਕੀ ਇਸ ਖੌਫਨਾਕ ਵਾਰਦਾਤ ਵਿੱਚ ਉਸਦੇ ਕੋਈ ਹੋਰ ਸਾਥੀ ਵੀ ਸ਼ਾਮਲ ਸਨ ਜਾਂ ਨਹੀਂ।
 


author

Shubam Kumar

Content Editor

Related News