ਹਾਥਰਸ ਕੇਸ: ਮੋਦੀ ਦੀ ਚੁੱਪੀ ''ਤੇ ਅਧੀਰ ਰੰਜਨ ਦਾ ਤੰਜ- ''ਚੁੱਪ ਰਹੋ ਭਾਰਤ, ਸ਼ਾਂਤ ਰਹੋ ਭਾਰਤ''
Monday, Oct 05, 2020 - 05:43 PM (IST)
ਕੋਲਕਾਤਾ (ਭਾਸ਼ਾ)— ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਨੇ ਹਾਥਰਸ ਦੀ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ 'ਤੇ ਸਵਾਲ ਚੁੱਕਿਆ ਹੈ ਅਤੇ ਕਿਹਾ ਹੈ ਕਿ ਨਰਿੰਦਰ ਮੋਦੀ 'ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ' ਦੀ ਥਾਂ 'ਚੁੱਪ ਰਹੋ ਭਾਰਤ, ਸ਼ਾਂਤ ਰਹੋ ਭਾਰਤ ਦਾ ਨਵਾਂ ਨਾਅਰਾ ਗੜ੍ਹਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਦੇ 'ਪਾਖੰਡ' ਦਾ ਖ਼ੁਲਾਸਾ ਹੋ ਚੁੱਕਾ ਹੈ।
ਚੌਧਰੀ ਨੇ ਟਵੀਟ ਕੀਤਾ ਕਿ ਮੋਦੀ ਜੀ, ਜਦੋਂ ਪ੍ਰਧਾਨ ਮੰਤਰੀ ਲੋਕਲ ਤੋਂ ਲੈ ਕੇ ਗਲੋਬਲ ਤੱਕ ਹਰ ਮੁੱਦੇ 'ਤੇ ਬੋਲਦੇ ਹਨ ਤਾਂ ਫਿਰ ਉਹ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ 'ਤੇ ਚੁੱਪ ਰਹਿੰਦੇ ਹਨ? ਕੁੜੀ ਦੇ ਕਤਲ ਅਤੇ ਸਮੂਹਕ ਜਬਰ ਜ਼ਿਨਾਹ ਦੀ ਘਟਨਾ 'ਤੇ ਚੁੱਪੀ ਕਿਉਂ? ਤੁਹਾਨੂੰ ਕੀ ਹੋਇਆ ਮੋਦੀ ਜੀ? ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ? ਹਾਥਰਸ ਕੇਸ ਤੋਂ ਬਾਅਦ ਪਾਖੰਡ ਦਾ ਖ਼ੁਲਾਸਾ ਹੋ ਗਿਆ ਹੈ। ਚੌਧਰੀ ਨੇ ਕਿਹਾ ਕਿ ਮੋਦੀ ਜੀ ਬਿਹਤਰ ਹੋਵੇਗਾ ਕਿ ਤੁਹਾਡਾ ਨਵਾਂ ਨਾਅਰਾ 'ਚੁੱਪ ਰਹੋ ਭਾਰਤ, ਸ਼ਾਂਤ ਰਹੋ ਭਾਰਤ' ਗੜ੍ਹੋ।
ਇਹ ਹੈ ਪੂਰਾ ਮਾਮਲਾ—
ਜ਼ਿਕਰਯੋਗ ਹੈ ਕਿ ਬੀਤੀ 14 ਸਤੰਬਰ 2020 ਨੂੰ ਹਾਥਰਸ ਜ਼ਿਲ੍ਹੇ ਦੇ ਚੰਦਪਾ ਖੇਤਰ ਵਿਚ 19 ਸਾਲ ਦੀ ਇਕ ਦਲਿਤ ਕੁੜੀ ਨਾਲ ਸਮੂਹਰ ਜਬਰ ਜ਼ਿਨਾਹ ਕੀਤਾ ਗਿਆ ਸੀ। ਵਾਰਦਾਤ ਦੌਰਾਨ ਗਲ਼ ਘੁੱਟਣ ਕਾਰਨ ਉਸ ਦੀ ਜੀਭ ਵੀ ਕੱਟੀ ਗਈ ਸੀ। ਕੁੜੀ ਨੂੰ ਪਹਿਲਾਂ ਅਲੀਗੜ੍ਹ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ ਸੀ। ਬਾਅਦ ਵਿਚ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਬੀਤੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਦੇਸ਼ 'ਚ ਰੋਹ ਹੈ। ਲੋਕ ਪੀੜਤਾ ਨੂੰ ਨਿਆਂ ਦੇਣ ਦੀ ਮੰਗ ਕਰ ਰਹੇ ਹਨ।