ਕਿਸਾਨਾਂ ਤੋਂ ਸਾਰਾ ਅਨਾਜ ਖਰੀਦੇਗੀ ਸਰਕਾਰ: ਡਿਪਟੀ CM ਦੁਸ਼ਯੰਤ
Wednesday, Apr 22, 2020 - 07:47 PM (IST)

ਚੰਡੀਗੜ੍ਹ-ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਣਕ ਦੀ ਖਰੀਦ 'ਚ ਵਿਰੋਧੀ ਧਿਰ ਦੇ 'ਮਾੜੇ ਪ੍ਰਬੰਧਨ' ਦੇ ਦੋਸ਼ ਨੂੰ ਖਾਰਿਜ ਕਰਦੇ ਹੋਏ ਅੱਜ ਭਾਵ ਬੁੱਧਵਾਰ ਨੂੰ ਕਿਹਾ ਹੈ ਕਿ ਪ੍ਰਕਿਰਿਆ ਸਹੀ ਨਾਲ ਚੱਲ ਰਹੀ ਹੈ ਅਤੇ ਕਿਸਾਨਾਂ ਤੋਂ ਅਨਾਜ ਦਾ ਇਕ-ਇਕ ਦਾਣੇ ਦੀ ਖਰੀਦ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸੂਬਾ ਸਰਕਾਰ 'ਤੇ ਨਿਸ਼ਾਨਾ ਵਿੰਨਦੇ ਹੋਏ ਕਾਂਗਰਸ ਨੇ ਮੰਗਲਵਾਰ ਨੂੰ ਦੋਸ਼ ਲਾਇਆ ਸੀ ਕਿ ਸਰਕਾਰ ਅਤੇ ਆੜ੍ਹਤੀਆਂ ਦੇ ਵਿਚਾਲੇ ਅਵਿਸ਼ਵਾਸ ਦਾ ਮਾਹੌਲ ਹੈ ਜਿਸ ਕਾਰਨ ਖਰੀਦ ਪ੍ਰਕਿਰਿਆ ਰੁਕੀ ਹੋਈ ਹੈ। ਦੋਸ਼ਾਂ 'ਤੇ ਪ੍ਰਤੀਕਿਰਿਆ ਜਤਾਉਂਦੇ ਹੋਏ ਚੌਟਾਲਾ ਨੇ ਕਿਹਾ ਹੈ ਕਿ ਕਣਕ ਅਤੇ ਸਰੋਂ ਦੀ ਖਰੀਦ ਸਰਕਾਰ ਦੇ ਲਈ ਚੁਣੌਤੀ ਹੈ ਪਰ ਕਿਸਾਨਾਂ ਦੇ ਹਿਤ 'ਚ ਕਈ ਫੈਸਲੇ ਲਏ ਗਏ ਹਨ।
ਹਰਿਆਣਾ 'ਚ ਭਾਜਪਾ ਗਠਜੋੜ ਦੀ ਭਾਗੀਦਾਰ ਜਨਨਾਇਕ ਜਨਤਾ ਪਾਰਟੀ ਦੇ ਨੇਤਾ ਨੇ ਕਿਹਾ ਹੈ ਕਿ ਮੰਗਲਵਾਰ ਤੱਕ 2.84 ਲੱਖ ਮੀਟ੍ਰਿਕ ਟਨ ਕਣਕ ਅਤੇ 1.49 ਲੱਖ ਮੀਟ੍ਰਿਕ ਟਨ ਸਰੋਂ ਦੀ ਖਰੀਦ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਕਿਰਿਆ ਥੋੜ੍ਹੀ ਲੰਬੀ ਹੋਣ 'ਤੇ ਅਸੀਂ ਕਿਸਾਨਾਂ ਤੋਂ ਸਾਰਾ ਅਨਾਜ ਖਰੀਦਾਂਗੇ।
ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ 'ਚ ਰੋਜ਼ਾਨਾ ਔਸਤਨ 1.5 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੁੰਦੀ ਹੈ ਜਦਕਿ ਕਾਂਗਰਸ ਸ਼ਾਸਨ ਵਾਲੇ ਪੰਜਾਬ 'ਚ ਪਹਿਲੇ 2 ਦਿਨਾਂ 'ਚ 42,200 ਮੀਟ੍ਰਿਕ ਟਨ ਕਣਕ ਦੀ ਹੀ ਖਰੀਦ ਹੋਈ। ਆੜ੍ਹਤੀਆਂ ਦੀ ਹੜਤਾਲ 'ਤੇ ਚੌਟਾਲਾ ਨੇ ਕਿਹਾ ਹੈ ਕਿ ਉਨ੍ਹਾਂ ਸਾਰਿਆਂ ਨੇ ਨਵੇਂ ਬੈਂਕ ਖਾਤੇ ਖੋਲ੍ਹਣ 'ਤੇ ਇਤਰਾਜ਼ ਜਤਾਇਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਪੁਰਾਣੇ ਖਾਤੇ ਤੋਂ ਹੀ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ।