ਹਰਿਆਣਾ ਹੁਣ ਚੰਡੀਗੜ੍ਹ ’ਚ ਬਣਾਏਗਾ ਆਪਣਾ ਵਿਧਾਨ ਸਭਾ ਭਵਨ

06/04/2022 3:16:17 PM

ਚੰਡੀਗੜ੍ਹ- ਹਰਿਆਣਾ ਦਾ ਆਪਣਾ ਵਿਧਾਨ ਸਭਾ ਭਵਨ ਬਣਾਉਣ ਦਾ ਸੁਫ਼ਨਾ ਸਾਕਾਰ ਹੋਣ ਜਾ ਰਿਹਾ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਇਸ ਲਈ ਜ਼ਮੀਨ ਦੇਣ ਲਈ ਤਿਆਰ ਹੋ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵਿਧਾਨ ਸਭਾ ਭਵਨ ਲਈ ਪ੍ਰਸਤਾਵਿਤ ਸਥਾਨਾਂ ਦਾ ਦੌਰਾ ਕੀਤਾ ਅਤੇ ਚਰਚਾ ਤੋਂ ਬਾਅਦ ਇਸ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਹਰਿਆਣਾ ਵਿਧਾਨ ਸਭਾ ਭਵਨ ਲਈ ਰੇਲਵੇ ਚੌਕ ਤੋਂ ਪਾਰਕ ਜਾਂਦੀ ਸੜਕ ਦੇ ਸੱਜੇ ਪਾਸੇ, ਕਲਾਗ੍ਰਾਮ ਦੇ ਸਾਹਮਣੇ ਮਜੀਮਾਜਰਾ ਵੱਲ ਜਾਣ ਵਾਲੀ ਸੜਕ ਅਤੇ ਰਾਜੀਵ ਗਾਂਧੀ ਆਈ.ਟੀ ਪਾਰਕ ਨੇੜੇ ਜ਼ਮੀਨ ਦੇ ਵਿਕਲਪਾਂ ਦੀ ਪੇਸ਼ਕਸ਼ ਕੀਤੀ ਹੈ।

ਹਰਿਆਣਾ ਦੀ ਪ੍ਰਸਤਾਵਿਤ ਵਿਧਾਨ ਸਭਾ ਇਮਾਰਤ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ। ਮੌਜੂਦਾ ਸਮੇਂ ਵਿਚ ਪੰਜਾਬ ਦੀ ਵੰਡ ਤੋਂ 55 ਸਾਲ ਬਾਅਦ ਵੀ ਸਾਂਝੀ ਵਿਧਾਨ ਸਭਾ ਭਵਨ ਤੋਂ ਕੰਮ ਚੱਲ ਰਿਹਾ ਹੈ ਪਰ ਹਰਿਆਣਾ ਨੂੰ ਇਸ ਵਿਚ ਉਸ ਦੇ ਮੁਤਾਬਕ ਥਾਂ ਨਹੀਂ ਮਿਲ ਸਕੀ। ਹਰਿਆਣਾ ਦੇ ਹਿੱਸੇ ਦੇ ਕਰੀਬ 20 ਕਮਰਿਆਂ ’ਤੇ ਅਜੇ ਵੀ ਪੰਜਾਬ ਦਾ ਕਬਜ਼ਾ ਹੈ। ਗੁਪਤਾ ਨੇ ਇਸ ਸਬੰਧ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਕਈ ਵਾਰ ਮਾਮਲਾ ਉਠਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਆਪਣੇ ਹਿੱਸੇ ਦੇ ਕਮਰੇ ਦੇਣ ਦੀ ਮੰਗ ਕਰ ਚੁੱਕੇ ਹਨ ਪਰ ਸਫ਼ਲਤਾ ਹਾਸਲ ਨਹੀਂ ਹੋਈ।

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਲੋਕ ਸਭਾ ਦੇ ਸਪੀਕਰ ਨੂੰ ਚਿੱਠੀਆਂ ਵੀ ਲਿਖੀਆਂ ਸਨ, ਜਿਸ ਵਿਚ ਸਾਰੇ ਸੂਬਿਆਂ ਅਤੇ ਕੁਝ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਆਜ਼ਾਦ ਵਿਧਾਨ ਭਵਨ ਹੋਣ ਦਾ ਉਦਾਹਰਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ, ਝਾਰਖੰਡ, ਤੇਲੰਗਾਨਾ, ਉਤਰਾਖੰਡ ਅਤੇ ਇਸ ਤੋਂ ਇਲਾਵਾ ਕੁਝ ਅਜਿਹੀਆਂ ਹੀ ਉਦਾਹਰਣਾਂ ਹਨ, ਜਿੱਥੇ ਪਹਿਲਾਂ ਹੀ ਵਿਧਾਨ ਸਭਾ ਭਵਨ ਹੋਣ ਦੇ ਬਾਵਜੂਦ ਸਮੇਂ ਦੀ ਮੰਗ ਮੁਤਾਬਕ ਨਵੇਂ ਭਵਨਾਂ ਦਾ ਨਿਰਮਾਣ ਕੀਤਾ ਗਿਆ। ਇੰਨਾ ਹੀ ਨਹੀਂ ਦੇਸ਼ ਦੀ ਰਾਜਧਾਨੀ ਦਿੱਲੀ ’ਚ ਵੀ ਜ਼ਰੂਰਤਾਂ ਮੁਤਾਬਕ ਨਵਾਂ ਸੰਸਦ ਭਵਨ ਬਣਾਇਆ ਜਾ ਰਿਹਾ ਹੈ। 


Tanu

Content Editor

Related News