ਹਰਿਆਣਾ ਦੇ CM, ਵਿਧਾਨ ਸਭਾ ਸਪੀਕਰ ਦੇ ਬਿਨਾਂ ਚੱਲੇਗਾ ਸੈਸ਼ਨ, ਤਿਆਰੀਆਂ ਮੁਕੰਮਲ

08/25/2020 6:16:24 PM

ਹਰਿਆਣਾ- ਹਰਿਆਣਾ ਵਿਧਾਨ ਸਭਾ ਦੇ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੰਦਰੀ ਤੋਂ ਵਿਧਾਇਕ ਰਾਮਕੁਮਾਰ ਕਸ਼ਯਪ, ਰਤੀਆ ਤੋਂ ਵਿਧਾਇਕ ਲਕਸ਼ਮਣ ਨਾਪਾ, ਅੰਬਾਲਾ ਸ਼ਹਿਰੀ ਤੋਂ ਵਿਧਾਇਕ ਅਸੀਮ ਗੋਇਲ ਅਤੇ ਬਲੱਭਗੜ੍ਹ ਤੋਂ ਵਿਧਾਇਕ ਅਤੇ ਆਵਾਜਾਈ ਮੰਤਰੀ ਮੂਲ ਚੰਦ ਸ਼ਰਮਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਵਿਧਾਨ ਸਭਾ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਨੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ 'ਚ ਹਿੱਸਾ ਲੈਣ ਲਈ ਕੋਵਿਡ-19 ਇਨਫੈਕਸ਼ਨ ਜਾਂਚ ਕਰਵਾਉਣੀ ਜ਼ਰੂਰੀ ਕੀਤੀ ਗਈ ਹੈ ਅਤੇ ਇਸ ਦੇ ਅਧੀਨ ਸਦਨ ਦੇ ਸਾਰੇ 90 ਮੈਂਬਰਾਂ ਦੀ ਜਾਂਚ ਹੋਈ ਹੈ, ਜਿਨ੍ਹਾਂ 'ਚੋਂ 6 ਪੀੜਤ ਪਾਏ ਗਏ ਹਨ ਅਤੇ ਹੋਰ ਦੀ ਰਿਪੋਰਟ ਨੈਗੇਟਿਵ ਆਈ ਹੈ।

ਉਨ੍ਹਾਂ ਨੇ ਸਾਰੇ ਪੀੜਤਾਂ ਦੇ ਜਲਦ ਸਿਹਤਮੰਦ ਹੋਣ ਦੀ ਈਸ਼ਵਰ ਤੋਂ ਕਾਮਨਾ ਕੀਤੀ। ਇਸ ਵਿਚ ਐੱਮ.ਐੱਲ.ਏ. ਹੋਸਟਲ ਦੇ ਤਿੰਨ ਅਤੇ ਪੰਚਕੂਲਾ ਦੀ ਐੱਸ.ਡੀ.ਐੱਮ. ਰਿਚਾ ਰਾਠੀ ਅਤੇ ਐਡੀਸ਼ਨਲ ਪੁਲਸ ਕਮਿਸ਼ਨਰ ਨੁਪੁਰ ਬਿਸ਼ਨੋਈ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ। ਸ਼੍ਰੀ ਗੰਗਵਾ ਨੇ ਦੱਸਿਆ ਕਿ ਸੈਸ਼ਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁਕੀਆਂ ਹਨ। ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਸਦਨ ਸਮੇਤ ਪੂਰੇ ਵਿਧਾਨ ਸਭਾ ਕੰਪਲੈਕਸ ਨੂੰ ਸ਼ਨੀਵਾਰ ਨੂੰ ਸੈਨੀਟਾਈਜ਼ ਕੀਤਾ ਗਿਆ ਅਤੇ ਮੰਗਲਵਾਰ ਨੂੰ ਵੀ ਇਸ ਸੈਨੀਟਾਈਜ਼ ਕਰ ਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਵੀ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਤੋਂ ਬਚਾਅ ਲਈ ਸਮਾਜਿਕ ਦੂਰੀ ਸਮੇਤ ਸਾਰੇ ਸਟੇਡਡਰ ਆਪਰੇਟਿੰਗ ਪ੍ਰੋਸੀਜ਼ਰਸ (ਐੱਸ.ਓ.ਪੀ.) ਦਾ ਪਾਲਣ ਯਕੀਨੀ ਕੀਤਾ ਜਾਵੇਗਾ।

ਵਿਧਾਨ ਸਭਾ ਡਿਪਟੀ ਸਪੀਕਰ ਨੇ ਦੱਸਿਆ ਕਿ ਮੀਡੀਆ ਨੂੰ ਵੀ ਇਸ ਵਾਰ ਸਦਨ ਦੀ ਪ੍ਰੈੱਸ ਗੈਲਰੀ ਤੋਂ ਸਦਨ ਦੀ ਕਾਰਵਾਈ ਦੀ ਕਵਰੇਜ਼ ਦੀ ਮਨਜ਼ੂਰੀ ਨਹੀਂ ਹੋਵੇਗੀ। ਇਸ ਲਈ ਹਰਿਆਣਾ ਰਿਹਾਇਸ਼ 'ਚ ਸਿੱਧੇ ਪ੍ਰਸਾਰਨ ਦੀ ਵਿਵਸਥਾ ਕੀਤੀ ਗਈ ਹੈ ਅਤੇ ਇੱਥੇ ਹੀ ਮੀਡੀਆ ਦੇ ਬੈਠਣ ਦੀ ਵੀ ਵਿਵਸਥਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪਹਿਲੇ ਸੈਸ਼ਨ 28 ਅਗਸਤ ਤੱਕ ਚੱਲਣ ਦੀ ਸੰਭਾਵਨਾ ਸੀ ਪਰ ਮੁੱਖ ਮੰਤਰੀ, ਵਿਧਾਨ ਸਭਾ ਸਪੀਕਰ ਅਤੇ ਕਈ ਹੋਰ ਵਿਧਾਇਕਾਂ ਦੇ ਕੋਰੋਨਾ ਪੀੜਤ ਹੋਣ ਨਾਲ ਸੱਤਾ ਪੱਖ ਅਤੇ ਵਿਰੋਧੀ ਧਿਰ ਵਲੋਂ ਇਸ ਦੀ ਮਿਆਦ ਇਕ ਦਿਨ ਰੱਖਣ ਦਾ ਸੁਝਾਅ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ।


DIsha

Content Editor

Related News