ਟਿਕ-ਟਾਕ ਸਟਾਰ ਸ਼ਿਵਾਨੀ ਦਾ ਗਲਾ ਘੁੱਟ ਕੇ ਕਤਲ, ਸੈਲੂਨ ''ਚ ਰੱਖੇ ਬੈੱਡ ''ਚੋਂ ਮਿਲੀ ਲਾਸ਼

06/29/2020 12:34:22 PM

ਸੋਨੀਪਤ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਖੇਤਰ 'ਚ ਟਿਕ-ਟਾਕ ਸਟਾਰ ਸ਼ਿਵਾਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਦਾ ਦੋਸ਼ ਕੁੰਡਲੀ ਦੇ ਹੀ ਰਹਿਣ ਵਾਲੇ ਆਰਿਫ਼ 'ਤੇ ਲੱਗਾ ਹੈ। ਦੋਸ਼ੀ ਸ਼ਿਵਾਨੀ ਦੀ ਲਾਸ਼ ਨੂੰ ਸੈਲੂਨ 'ਚ ਰੱਖੇ ਬੈੱਡ 'ਚ ਪਾ ਕੇ ਫਰਾਰ ਹੋ ਗਿਆ। ਜਦੋਂ ਐਤਵਾਰ ਨੂੰ ਮ੍ਰਿਤਕਾ ਦੀ ਭੈਣ ਦੇ ਦੋਸਤ ਨੇ ਬੈੱਡ ਖੋਲ੍ਹਿਆ ਤਾਂ ਉਸ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ਿਵਾਨੀ ਖੋਬਿਆਨ ਕੁੰਡਲੀ 'ਚ ਟਚ ਐਂਡ ਫੇਅਰ ਨਾਂ ਤੋਂ ਸੈਲੂਨ ਚਲਾਉਂਦੀ ਸੀ। ਟਿਕ-ਟਾਕ 'ਤੇ ਉਸ ਦੇ ਇਕ ਲੱਖ ਤੋਂ ਵੱਧ ਫੋਲੋਅਰਜ਼ ਹਨ।

ਸ਼ਿਵਾਨੀ ਦੀ ਭੈਣ ਸ਼ਵੇਤਾ ਅਨੁਸਾਰ 26 ਜੂਨ ਨੂੰ ਆਰਿਫ਼ ਸ਼ਿਵਾਨੀ ਨੂੰ ਮਿਲਣ ਉਸ ਦੇ ਸੈਲੂਨ ਆਇਆ ਸੀ। ਸ਼ਵੇਤਾ ਦੇ ਫੋਨ ਲਗਾਉਣ 'ਤੇ ਇਹ ਗੱਲ ਸ਼ਿਵਾਨੀ ਨੇ ਹੀ ਉਸ ਨੂੰ ਦੱਸੀ ਸੀ। ਉਸ ਰਾਤ ਸ਼ਿਵਾਨੀ ਘਰ ਨਹੀਂ ਆਈ ਤਾਂ ਸ਼ਵੇਤਾ ਨੇ ਰਾਤ ਨੂੰ ਮੈਸੇਜ ਕੀਤਾ। ਮੈਸੇਜ ਦੇ ਜਵਾਬ 'ਚ ਸ਼ਿਵਾਨੀ ਦੇ ਫੋਨ ਤੋਂ ਰਿਪਲਾਈ ਆਇਆ ਕਿ ਉਹ ਹਰਿਦੁਆਰ ਆਈ ਹੋਈ ਹੈ ਅਤੇ ਮੰਗਲਵਾਰ ਨੂੰ ਵਾਪਸ ਆਏਗੀ।

ਇਸ ਘਟਨਾ ਦੇ 2 ਦਿਨ ਬਾਅਦ ਸ਼ਵੇਤਾ ਦੇ ਦੋਸਤ ਨੀਰਜ ਨੇ ਸੈਲੂਨ ਖੋਲ੍ਹਿਆ ਤਾਂ ਉਸ ਨੂੰ ਬੱਦਬੂ ਆਈ। ਨੀਰਜ ਨੇ ਸੈਲੂਨ 'ਚ ਰੱਖਿਆ ਬੈੱਡ ਖੋਲ੍ਹਿਆ ਤਾਂ ਉਸ 'ਚ ਸ਼ਿਵਾਨੀ ਦੀ ਲਾਸ਼ ਮਿਲੀ। ਸ਼ਿਵਾਨੀ ਦੇ ਪਿਤਾ ਵਿਨੋਦ ਦੀ ਸ਼ਿਕਾਇਤ 'ਤੇ ਪੁਲਸ ਨੇ ਆਰਿਫ਼ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਸੈਲੂਨ ਸੰਚਾਲਿਕਾ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ ਅਤੇ ਬਾਅਦ 'ਚ ਲਾਸ਼ ਬੈੱਡ 'ਚ ਸੁੱਟ ਦਿੱਤੀ ਗਈ। ਉਸ ਦੇ ਪਿਤਾ ਦੇ ਬਿਆਨ 'ਤੇ ਆਰਿਫ਼ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਸੋਮਵਾਰ ਨੂੰ ਕਰਵਾਇਆ ਜਾਵੇਗਾ। ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


DIsha

Content Editor

Related News