ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਨ ਨਿਕਲੇ ਸੈਂਕੜੇ ਕਿਸਾਨ, ਪੁਲਸ ਨੇ ਬਾਰਡਰ ''ਤੇ ਰੋਕਿਆ
Friday, Dec 23, 2022 - 01:16 AM (IST)
ਪੰਚਕੂਲਾ (ਮੁਕੇਸ਼) : ਪੰਚਕੂਲਾ ਤੋਂ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਨ ਨਿਕਲੇ ਕਿਸਾਨਾਂ ਨੂੰ ਚੰਡੀਗੜ੍ਹ ਬਾਰਡਰ 'ਤੇ ਰੋਕ ਦਿੱਤਾ ਗਿਆ। ਪੁਲਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਦਾ ਰਸਤਾ ਰੋਕਿਆ ਤਾਂ ਕਿਸਾਨ ਸੜਕ ’ਤੇ ਹੀ ਧਰਨਾ ਲਾ ਕੇ ਬੈਠ ਗਏ। ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਸੀ। ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਦੇ ਅਹੁਦੇਦਾਰ ਧਰਮਵੀਰ ਢੀਂਡਸਾ ਨੇ ਦੱਸਿਆ ਕਿ ਜੁਮਲਾ, ਮੁਸ਼ਤਰਕਾ, ਸ਼ਾਮਲਾਟ, ਮਾਲਕਾਨਾ, ਕਾਸ਼ਤਕਾਰ, ਅਬਾਦਕਾਰ ਨਾਲ ਸਬੰਧਿਤ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।
ਇਹ ਵੀ ਪੜ੍ਹੋ : ਧੁੰਦ ਕਾਰਨ ਰੁਕੀ ਟ੍ਰੇਨਾਂ ਦੀ ਰਫ਼ਤਾਰ, ਯਾਤਰੀਆਂ ਨੂੰ ਕਰਨਾ ਪੈ ਰਿਹੈ ਕਈ-ਕਈ ਘੰਟੇ ਇੰਤਜ਼ਾਰ
ਪੰਚਕੂਲਾ ਤੋਂ ਸ਼ਹੀਦ ਭਗਤ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਸੈਂਕੜੇ ਕਿਸਾਨ ਵੀਰਵਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਨ ਗਏ ਸਨ। ਪੰਚਕੂਲਾ ਪੁਲਸ ਨੇ ਸਾਰੇ ਕਿਸਾਨਾਂ ਨੂੰ ਚੰਡੀਗੜ੍ਹ ਪੰਚਕੂਲਾ ਬਾਰਡਰ 'ਤੇ ਬੈਰੀਕੇਡ ਲਗਾ ਕੇ ਰੋਕ ਲਿਆ। ਮੌਕੇ 'ਤੇ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਸ ਵੱਲੋਂ ਬਾਰਡਰ ਦੇ ਦੂਜੇ ਪਾਸੇ ਵੀ ਭਾਰੀ ਬੈਰੀਕੇਡਿੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਦਾ ਖੌਫ਼ਨਾਕ ਅੰਤ, ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਮਹੀਨਾ ਪਹਿਲਾਂ ਹੀ ਹੋਇਆ ਸੀ ਵਿਆਹ
ਧਰਮਵੀਰ ਢੀਂਡਸਾ ਨੇ ਦੱਸਿਆ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੈਦਲ ਯਾਤਰਾ ਮੰਗਲਵਾਰ ਨੂੰ ਸ਼ੁਰੂ ਕੀਤਾ ਸੀ। ਕਿਸਾਨ ਆਪਣੇ ਦੂਜੇ ਪੜਾਅ ਪਿੰਡ ਮੌਲੀ ਤੋਂ ਪੈਦਲ ਯਾਤਰਾ ਕਰਦੇ ਹੋਏ ਨਾਡਾ ਸਾਹਿਬ ਗੁਰਦੁਆਰਾ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਜੁਮਲਾ, ਮੁਸ਼ਤਰਕਾ ਦੀਆਂ ਜ਼ਮੀਨਾਂ ਨੂੰ ਲੈ ਕੇ ਹਰਿਆਣਾ ਵਿੱਚ ਲੁੱਟਿਆ ਜਾ ਰਿਹਾ ਹੈ। ਇਹ ਯਾਤਰਾ ਹਰਿਆਣਾ ਦੇ ਕਿਸਾਨਾਂ ਦੇ ਹੱਕਾਂ ਪ੍ਰਤੀ ਸਰਕਾਰ ਦੀ ਉਦਾਸੀਨਤਾ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸੀਵਰੇਜ ਪੁੱਟਣ ਦੌਰਾਨ ਮਿੱਟੀ ਧਸਣ ਕਾਰਨ ਵਾਪਰਿਆ ਵੱਡਾ ਹਾਦਸਾ, 3 ਮਜ਼ਦੂਰਾਂ ਦੀ ਹੋਈ ਮੌਤ
ਉਨ੍ਹਾਂ ਕਿਹਾ ਹੈ ਕਿ ਵੱਧ ਤੋਂ ਵੱਧ ਕਿਸਾਨ ਇਸ ਅੰਦੋਲਨ 'ਚ ਜੁੜੇ ਹਨ। ਵੀਰਵਾਰ ਨੂੰ ਸਾਰੇ ਕਿਸਾਨ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਤੋਂ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਨਿਕਲੇ ਅਤੇ ਇਸ ਸਮੇਂ ਸਾਰੇ ਕਿਸਾਨ ਚੰਡੀਗੜ੍ਹ ਪੰਚਕੂਲਾ ਬਾਰਡਰ ਕੋਲ ਧਰਨੇ 'ਤੇ ਬੈਠੇ ਹਨ। ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਇਸ ਪ੍ਰਦਰਸ਼ਨ ਵਿੱਚ ਸੂਬੇ ਭਰ ਤੋਂ ਸੈਂਕੜੇ ਕਿਸਾਨ ਇਕੱਠੇ ਹੋਏ। ਧਰਨੇ ਦੌਰਾਨ ਸ਼ਹਿਰ ਦੀਆਂ ਸੜਕਾਂ ’ਤੇ ਜਾਮ ਦੀ ਸਥਿਤੀ ਬਣੀ ਰਹੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।