ਵੱਡੀ ਖ਼ਬਰ : ਕਿਸਾਨਾਂ ਖ਼ਿਲਾਫ਼ ਨਹੀਂ ਲੱਗੇਗਾ NSA, ਹਰਿਆਣਾ ਪੁਲਸ ਨੇ ਵਾਪਸ ਲਿਆ ਫ਼ੈਸਲਾ
Friday, Feb 23, 2024 - 12:07 PM (IST)
ਹਰਿਆਣਾ (ਏਜੰਸੀ)- ਪੁਲਸ ਇੰਸਪੈਕਟਰ ਜਨਰਲ (ਅੰਬਾਲਾ ਰੇਂਜ) ਸਿਬਾਸ਼ ਕਬਿਰਾਜ ਨੇ ਕਿਹਾ,''ਹਰਿਆਣਾ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੰਬਾਲਾ ਜ਼ਿਲ੍ਹੇ ਦੇ ਕੁਝ ਕਿਸਾਨ ਯੂਨੀਅਨ ਨੇਤਾਵਾਂ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਦੇ ਉਪਬੰਧਾਂ ਨੂੰ ਲਾਗੂ ਕਰਨ 'ਤੇ ਮੁੜ ਵਿਚਾਰ ਕੀਤਾ ਗਿਆ ਹੈ ਅਤੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਸ ਨੂੰ ਲਾਗੂ ਨਹੀਂ ਕੀਤਾ ਜਾਵੇਗਾ।'' ਕਬਿਰਾਜ ਨੇ ਇਕ ਬਿਆਨ 'ਚ ਕਿਹਾ,''ਹਰਿਆਣਾ ਪੁਲਸ ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ 'ਚ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕਰਦੀ ਹੈ।''
ਇਸ ਤੋਂ ਪਹਿਲਾਂ ਇਕ ਅਧਿਕਾਰਤ ਬਿਆਨ 'ਚ ਇਕ ਅਧਿਕਾਰਤ ਬਿਆਨ ਮੁਤਾਬਕ, ਅੰਬਾਲਾ ਪੁਲਸ ਨੇ ਵੀਰਵਾਰ ਨੂੰ ਕਿਹਾ ਕਿ 13 ਫ਼ਰਵਰੀ ਤੋਂ ਦਿੱਲੀ ਕੂਚ ਦੇ ਸੱਦੇ ਦੇ ਮੱਦੇਨਜ਼ਰ ਸ਼ੰਭੂ ਬਾਰਡਰ 'ਤੇ ਲਗਾਏ ਗਏ ਬੈਰੀਕੇਡਸ ਤੋੜਣ ਲਈ ਕਿਸਾਨ ਸੰਗਠਨਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਅੰਬਾਲਾ ਪੁਲਸ ਨੇ ਕਿਹਾ,"ਰੋਜ਼ਾਨਾ ਪੁਲਸ ਪ੍ਰਸ਼ਾਸਨ 'ਤੇ ਪਥਰਾਅ ਤੇ ਹੰਗਾਮਾ ਕਰ ਕਾਨੂੰਨ ਵਿਵਸਥਾ ਵਿਗਾੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਗਿਆ ਹੈ। ਅੰਦੋਲਨਕਾਰੀਆਂ ਵੱਲੋਂ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਪਹੁੰਚਾਏ ਗਏ ਨੁਕਸਾਨ ਦਾ ਹਿਸਾਬ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਇਸ ਸਬੰਧੀ ਆਮ ਜਨਤਾ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜੇਕਰ ਇਸ ਅੰਦੋਲਨ ਦੌਰਾਨ ਅੰਦੋਲਨਕਾਰੀਆਂ ਨੇ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਤਾਂ ਉਨ੍ਹਾਂ ਦੀ ਜਾਇਦਾਦ ਤੇ ਬੈਂਕ ਖਾਤੇ ਜ਼ਬਤ ਕਰ ਕੇ ਇਸ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8