16 ਪ੍ਰੇਮਿਕਾਵਾਂ ਦੇ ਸ਼ੌਂਕ ਪੂਰੇ ਕਰਨ ਲਈ ਚੋਰੀ ਕਰਦਾ ਸੀ BMW ਵਰਗੀਆਂ ਕਾਰਾਂ, ਪੁਲਸ ਨੂੰ ਇੰਝ ਕਰਦਾ ਸੀ ਗੁੰਮਰਾਹ

Thursday, Oct 15, 2020 - 10:05 AM (IST)

ਫਰੀਦਾਬਾਦ- ਹਰਿਆਣਾ ਪੁਲਸ ਨੇ ਇਕ ਅਜਿਹੇ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀਆਂ 16 ਪ੍ਰੇਮਿਕਾਵਾਂ ਹਨ। ਇਹ ਚੋਰ ਆਪਣੀਆਂ ਪ੍ਰੇਮਿਕਾਵਾਂ ਦੇ ਸ਼ੌਂਕ ਪੂਰੇ ਕਰਨ ਲਈ ਮਹਿੰਗੀਆਂ ਕਾਰਾਂ ਚੋਰੀ ਕਰਦਾ ਸੀ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 50 ਤੋਂ ਵੱਧ ਮਹਿੰਗੀਆਂ ਕਾਰਾਂ ਚੋਰੀ ਕਰਨ ਵਾਲਾ ਇਹ ਸ਼ਾਤਿਰ ਚੋਰ ਹਿਸਾਰ ਦਾ ਰਹਿਣ ਵਾਲਾ ਹੈ। ਫਰੀਦਾਬਾਦ 'ਚ ਕ੍ਰਾਈਮ ਬਰਾਂਚ (ਸੈਕਟਰ-30 ਪੁਲਸ) ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਚੋਰ ਦੀ ਪਛਾਣ ਜਵਾਹਰ ਨਗਰ (ਹਿਸਾਰ) ਵਾਸੀ ਰੋਬਿਨ ਉਰਫ਼ ਰਾਹੁਲ ਉਰਫ਼ ਹੇਮੰਤ ਉਰਫ਼ ਜੋਨੀ ਦੇ ਰੂਪ 'ਚ ਹੋਈ ਹੈ। 

ਪੁਲਸ ਨੇ ਕਈ ਵਾਰ ਕਰ ਚੁੱਕਿਆ ਹੈ ਗੁੰਮਰਾਹ
ਜਾਣਕਾਰੀ ਅਨੁਸਾਰ ਦੋਸ਼ੀ ਰੋਬਿਨ ਨੇ ਪੁਲਸ ਨੂੰ ਵੀ ਕਈ ਵਾਰ ਗੁੰਮਰਾਹ ਕੀਤਾ। ਉਸ ਨੇ ਹਰ ਵਾਰ ਕਾਰ ਚੋਰੀ ਦੀ ਵਾਰਦਾਤ ਹੁਲੀਆ ਬਦਲ ਕੇ ਕੀਤੀ। ਫੜੇ ਜਾਣ 'ਤੇ ਉਹ ਆਪਣੇ ਪਤੇ ਵੀ ਵੱਖ-ਵੱਖ ਦੱਸਦਾ ਸੀ। ਪੁਲਸ ਅਨੁਸਾਰ, ਉਸ ਨੇ ਹਿਸਾਰ 'ਚ ਵੀ ਕਈ ਮਹਿੰਗੀਆਂ ਕਾਰਾਂ ਚੋਰੀ ਕੀਤੀਆਂ। ਹਿਸਾਰ 'ਚ ਉਸ ਨੇ ਪੁਲਸ ਨੂੰ ਆਪਣੇ ਕਰੀਬ 15 ਤੋਂ 20 ਵੱਖ-ਵੱਖ ਪਤੇ ਲਿਖਵਾ ਰੱਖੇ ਹਨ।

ਪ੍ਰੇਮਿਕਾਵਾਂ ਦੇ ਸ਼ੌਂਕ ਪੂਰੇ ਕਰਨ ਲਈ ਕਰਦਾ ਸੀ ਚੋਰੀ
ਪੁਲਸ ਅਨੁਸਾਰ ਰੋਬਿਨ ਹੁਣ ਹਿਸਾਰ 'ਚ ਨਹੀਂ ਰਹਿੰਦਾ ਹੈ। ਉਹ ਬਾਹਰੀ ਸੂਬਿਆਂ 'ਚ ਰਹਿ ਰਿਹਾ ਹੈ। ਦੋਸ਼ੀ ਸਿਰਫ਼ ਲਗਜਰੀ ਕਾਰਾਂ 'ਤੇ ਹੀ ਹੱਥ ਸਾਫ਼ ਕਰਦਾ ਸੀ। ਜਾਣਕਾਰੀ ਅਨੁਸਾਰ, ਉਸ ਨੇ ਹਿਸਾਰ ਨੂੰ ਛੱਡ ਕੇ ਐੱਨ.ਸੀ.ਆਰ. ਸਮੇਤ ਦੇਸ਼ ਦੇ ਹੋਰ ਸੂਬਿਆਂ ਤੋਂ ਲਗਜਰੀ ਕਾਰਾਂ ਚੋਰੀ ਕੀਤੀਆਂ। ਪੁਲਸ ਦਾ ਦਾਅਵਾ ਹੈ ਕਿ ਦੋਸ਼ੀ ਦੀਆਂ 16 ਪ੍ਰੇਮਿਕਾਵਾਂ ਹਨ ਅਤੇ ਉਨ੍ਹਾਂ ਦੇ ਸ਼ੌਂਕ ਪੂਰੇ ਕਰਨ ਲਈ ਉਹ ਕਾਰਾਂ ਚੋਰੀ ਕਰਦਾ ਸੀ।

ਇਕ ਸਾਲ ਪਹਿਲਾਂ ਹੀ ਹੋਇਆ ਸੀ ਗ੍ਰਿਫ਼ਤਾਰ
ਦੋਸ਼ੀ ਨੂੰ ਕਰੀਬ ਇਕ ਸਾਲ ਪਹਿਲਾਂ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਹਾਲ ਹੀ 'ਚ ਉਹ ਜੇਲ ਤੋਂ ਬਾਹਰ ਆਇਆ ਅਤੇ ਫਿਰ ਤੋਂ ਕਾਰਾਂ ਚੋਰੀ ਕਰਨ ਲੱਗਾ। 31 ਅਗਸਤ ਨੂੰ ਉਸ ਨੇ ਸੈਕਟਰ-28 ਫਰੀਦਾਬਾਦ 'ਚ ਘਰ ਦੇ ਬਾਹਰ ਖੜ੍ਹੀ ਫਾਰਚਿਊਨਰ ਕਾਰ ਚੋਰੀ ਕੀਤੀ ਸੀ। ਕ੍ਰਾਈਮ ਬਰਾਂਚ ਨੇ ਇਹ ਮਾਮਲਾ ਸੁਲਝਾ ਲਿਆ ਹੈ। ਗਾਜ਼ੀਆਬਾਦ, ਜੋਧਪੁਰ ਤੋਂ ਫਾਰਚਿਊਨਰ ਅਤੇ ਗੁਰੂਗ੍ਰਾਮ ਤੋਂ ਜੀਪ ਚੋਰੀ ਕਰਨਾ ਵੀ ਉਸ ਨੇ ਕਬੂਲ ਲਿਆ ਹੈ। ਕ੍ਰਾਈਮ ਬਰਾਂਚ ਨੇ ਉੱਥੇ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। 


DIsha

Content Editor

Related News