JJP ਵਿਧਾਇਕ ਨੇ 72 ਸਾਲ ਦੀ ਉਮਰ ''ਚ ਦਿੱਤੀ ਐੱਮ.ਏ. ਦੀ ਪ੍ਰੀਖਿਆ
Monday, Oct 05, 2020 - 10:11 AM (IST)
ਹਰਿਆਣਾ- ਹਰਿਆਣਾ ਤੋਂ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਵਿਧਾਇਕ ਈਸ਼ਵਰ ਸਿੰਘ (72) ਨੇ ਵਿਗਿਆਨ 'ਚ ਪੋਸਟ ਗਰੈਜੂਏਟ ਪਹਿਲੇ ਸਾਲ ਦੀ ਪ੍ਰੀਖਿਆ ਦਿੱਤੀ ਹੈ। ਜੇ.ਜੇ.ਪੀ. ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਰਟੀ ਨੇ ਇਕ ਬਿਆਨ 'ਚ ਕਿਹਾ ਕਿ ਗੁਹਲਾ ਚੀਕਾ ਤੋਂ ਵਿਧਾਇਕ ਪਹਿਲਾਂ ਹੀ ਜਨਤਕ ਪ੍ਰਸ਼ਾਸਨ ਅਤੇ ਇਤਿਹਾਸ ਤੇ ਕਾਨੂੰਨ 'ਚ ਐੱਮ.ਏ. ਕਰ ਚੁਕੇ ਹਨ। ਉਨ੍ਹਾਂ ਨੇ ਕੁਰੂਕੁਸ਼ੇਤਰ ਯੂਨੀਵਰਸਿਟੀ ਤੋਂ ਪ੍ਰੀਖਿਆ ਦਿੱਤੀ।
ਜੇ.ਜੇ.ਪੀ. ਨੇ ਕਿਹਾ,''ਇਕ ਨਿੱਜੀ ਵਿਦਿਆਰਥੀ ਦੇ ਰੂਪ 'ਚ, ਵਿਧਾਇਕ ਈਸ਼ਵਰ ਸਿੰਘ ਨੇ ਕੋਰੋਨਾ ਵਾਇਰਸ ਕਾਰਨ ਲਗਾਈ ਗਈ ਤਾਲਾਬੰਦੀ ਦੌਰਾਨ ਆਪਣੇ ਸਮੇਂ ਦੀ ਚੰਗੀ ਵਰਤੋਂ ਕਰਦੇ ਹੋਏ ਅਧਿਐਨ ਕੀਤਾ ਅਤੇ ਆਨਲਾਈਨ ਪ੍ਰੀਖਿਆ ਦਿੱਤੀ। ਸ਼ਨੀਵਾਰ ਨੂੰ ਉਹ 2 ਸਾਲ ਦੇ ਡਿਗਰੀ ਪਾਠਕ੍ਰਮ ਦੀ ਅੰਤਿਮ ਪ੍ਰੀਖਿਆ 'ਚ ਸ਼ਾਮਲ ਹੋਏ।'' ਸਿੰਘ 1970 ਦੇ ਦਹਾਕੇ 'ਚ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਕੁਝ ਸਮੇਂ ਲਈ ਅਧਿਆਪਕ ਵੀ ਰਹਿ ਚੁਕੇ ਹਨ। ਸਿੰਘ ਦਾ ਇਕ ਲੰਬਾ ਸਿਆਸੀ ਜੀਵਨ ਰਿਹਾ ਹੈ। ਪਿਛਲੇ ਸਾਲ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇ.ਜੇ.ਪੀ. 'ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਕਾਂਗਰਸ ਦੇ ਮੈਂਬਰ ਸਨ।