ਹਰਿਆਣਾ ਦੇ ਹਸਪਤਾਲਾਂ ''ਚ WHO ਮਾਨਕਾਂ ਅਨੁਸਾਰ ਹੋਣਗੀਆਂ ਸਹੂਲਤਾਂ : ਅਨਿਲ ਵਿਜ
Friday, Jun 04, 2021 - 02:32 PM (IST)
ਹਰਿਆਣਾ- ਹਰਿਆਣਾ ਸਰਕਾਰ ਨੇ ਸੂਬੇ ਦੇ ਹਸਪਤਾਲਾਂ 'ਚ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਮਾਨਕਾਂ ਅਨੁਸਾਰ ਸਿਹਤ ਸਹੂਲਤਾਂ ਤਿਆਰ ਕਰਨ ਦਾ ਫ਼ੈਸਲਾ ਲਿਆ ਹੈ। ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਫ਼ੈਸਲੇ ਦੇ ਅਧੀਨ ਡਬਲਿਊ.ਐੱਚ.ਓ. ਦੇ ਮਾਨਕਾਂ ਅਨੁਸਾਰ ਹੀ ਹਰੇਕ ਜ਼ਿਲ੍ਹੇ 'ਚ ਜਨਸੰਖਿਆ ਦੇ ਆਧਾਰ 'ਤੇ ਬੈੱਡ, ਡਾਕਟਰ ਅਤੇ ਹੋਰ ਸਟਾਫ਼ ਦਾ ਪ੍ਰਬੰਧ ਕੀਤਾ ਜਾਵੇਗਾ। ਸੂਬੇ 'ਚ 30 ਜਾਂ ਵੱਧ ਬਿਸਤਰਿਆਂ ਵਾਲੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ 'ਚ ਮਰੀਜ਼ਾਂ ਲਈ ਪੀ.ਐੱਸ.ਏ. ਆਕਸੀਜਨ ਪਲਾਂਟ ਸਥਾਪਤ ਕੀਤੇ ਜਾਣਗੇ ਅਤੇ ਇਨ੍ਹਾਂ 'ਤੇ ਕੰਮ ਸ਼ੁਰੂ ਹੋ ਚੁਕਿਆ ਹੈ। ਹਸਪਤਾਲਾਂ 'ਚ ਰਾਸ਼ਟਰੀ ਮਾਨਕਾਂ ਦੇ ਅਨੁਰੂਪ ਸਾਰੇ ਬੈੱਡ ਆਕਸੀਜਨ, ਵੈਂਟੀਲੇਟਰ ਅਤੇ ਹੋਰ ਜ਼ਰੂਰੀ ਸਹੂਲਤਾਂ ਨਾਲ ਲੈੱਸ ਹੋਣਗੇ। ਹਸਪਤਾਲਾਂ 'ਚ ਆਈ.ਸੀ.ਯੂ. ਬੈੱਡਾਂ ਦੀ ਗਿਣਤੀ ਤੈਅ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਡਾਕਟਰਾਂ ਲਈ ਰਿਫ੍ਰੈਸ਼ਰ ਕੋਰਸ, ਪੈਰਾਮੈਡੀਕਲ ਸਟਾਫ ਅਤੇ ਤਕਨੀਕੀ ਸਟਾਫ਼ ਨੂੰ ਸਿਖਲਾਈ ਦਿੱਤੀ ਜਾਵੇਗੀ।
ਸਿਹਤ ਮੰਤਰੀ ਨੇ ਈ-ਇਲਾਜ ਦਾ ਵਿਸਥਾਰ ਸੂਬੇ ਦੇ ਸਿਹਤ ਕੇਂਦਰਾਂ ਤੱਕ ਕਰਨ ਲਈ ਨਿਰਦੇਸ਼ ਦਿੱਤੇ, ਜਿਸ ਨਾਲ ਡਿਜ਼ੀਟਲ ਡੈਸ਼ਬੋਰਡ ਮਾਧਿਅਮ ਨਾਲ ਸੂਬੇ ਦੇ ਸਾਰੇ ਹਸਪਤਾਲਾਂ 'ਚ ਉਪਚਾਰੀ ਗਤੀਵਿਧੀਆਂ ਦੀ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਲਈ ਸੂਬੇ ਦੇ ਸਾਰੇ ਹਸਪਤਾਲਾਂ 'ਚ ਕੈਟਰਿੰਗ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ ਅਤੇ ਉਨ੍ਹਾਂ ਨੂੰ ਡਾਇਟੀਸ਼ੀਅਨ ਦੀ ਸਲਾਹ 'ਤੇ ਉਨ੍ਹਾਂ ਦੀ ਬੀਮਾਰੀ ਦੇ ਅਨੁਕੂਲ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਇਸ਼ ਲਈ ਰਾਸ਼ਟਰੀ ਸਿਹਤ ਮਿਸ਼ਨ ਹਰਿਆਣਾ ਦੇ 2021-22 ਦੇ ਬਜਟ 'ਚ 15 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਸੂਬੇ 'ਚ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਈ-ਸੰਜੀਵਨੀ ਇਲਾਜ ਦੀ ਸਹੂਲਤ 24 ਘੰਟੇ ਉਪਲੱਬਧ ਕਰਵਾਈ ਜਾਵੇਗੀ।