ਦਾਜ ਲਈ ਪੈਸੇ ਨਹੀਂ ਜੁਟਾ ਸਕਿਆ ਪਿਤਾ, ਵਿਆਹ ਵਾਲੇ ਕਾਰਡ ''ਤੇ ਸੁਸਾਈਡ ਨੋਟ ਲਿਖ ਦਿੱਤੀ ਜਾਨ
Monday, Nov 23, 2020 - 10:54 AM (IST)
ਰੇਵਾੜੀ- ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ ਇਕ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਗਨ ਤੋਂ ਇਕ ਦਿਨ ਪਹਿਲਾਂ ਕੁੜੀ ਦੇ ਪਿਤਾ ਤੋਂ ਮੁੰਡੇ ਵਾਲਿਆਂ ਨੇ 30 ਲੱਖ ਰੁਪਏ ਦਾਜ ਮੰਗ ਲਿਆ। ਇਸ ਤੋਂ ਪਰੇਸ਼ਾਨ ਅਤੇ ਦੁਖ਼ੀ ਹੋ ਕੇ ਕੁੜੀ ਦੇ ਪਿਤਾ ਕੈਲਾਸ਼ ਰਾਜਪੂਤ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਰੇਵਾੜੀ ਖੋਲ ਖੇਤਰ ਦੇ ਪਿੰਡ ਪਾੜਲਾ ਵਾਸੀ ਧੀ ਦੇ ਵਿਆਹ ਦਾ ਜੋ ਕਾਰਡ ਭੈਣ ਨੂੰ ਦੇਣ ਆਏ ਸਨ, ਉਸੇ 'ਤੇ ਸੁਸਾਈਡ ਨੋਟ ਲਿਖ ਕੇ ਖ਼ੁਦਕੁਸ਼ੀ ਕਰ ਲਈ। ਸੁਸਾਈਡ ਨੋਟ 'ਚ ਮ੍ਰਿਤਕ ਨੇ ਮੁੰਡੇ ਵਾਲਿਆਂ ਵਲੋਂ ਦਾਜ ਦੀ ਮੰਗ ਕਾਰਨ ਜਾਨ ਦੇਣ ਦੀ ਗੱਲ ਕਹੀ ਹੈ। ਮ੍ਰਿਤਕ ਨੇ ਸੁਸਾਈਡ ਨੋਟ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਅਪੀਲ ਕਰਦੇ ਹੋਏ ਲਿਖਿਆ ਹੈ ਕਿ ਦਾਜ ਦੇ ਅਜਿਹੇ ਲਾਲਚੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮ੍ਰਿਤਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਦਰੋਗਾ ਨੇ ਵਾਪਸ ਕੀਤੇ ਦਾਜ 'ਚ ਮਿਲੇ 11 ਲੱਖ, ਲਾੜਾ ਬੋਲਿਆ- 'ਪੜ੍ਹੀ-ਲਿਖੀ ਪਤਨੀ ਹੀ ਅਸਲੀ ਦਾਜ'
ਦਾਜ ਦੇ ਬਿਨਾਂ ਰਿਸ਼ਤੇ ਤੋਂ ਕੀਤਾ ਮਨ੍ਹਾ
ਮ੍ਰਿਤਕ ਕੈਲਾਸ਼ ਰਾਜਪੂਤ ਨੇ ਸੁਸਾਈਡ ਨੋਟ 'ਚ ਲਿਖਿਆ ਕਿ ਮੈਂ ਧੀ ਦਾ ਰਿਸ਼ਤਾ ਕਾਸਨ ਪਿੰਡ ਵਾਸੀ ਸੁਨੀਲ ਕੁਮਾਰ ਦੇ ਪੁੱਤ ਰਵੀ ਨਾਲ ਕੀਤਾ ਸੀ। ਰਿਸ਼ਤੇ ਤੋਂ ਬਾਅਦ ਰਵੀ ਦੇ ਪਿਤਾ ਸੁਨੀਲ ਕੁਮਾਰ ਅਤੇ ਉਸ ਦੇ ਸਾਂਢੂ ਮਾਮਚੰਦ ਵਲੋਂ ਉਸ ਨੂੰ ਦਾਜ ਲਈ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਦੋਂ ਕਿ ਉਹ ਖ਼ੁਦ ਆਪਣੀ ਸਮਰੱਥਾ ਤੋਂ ਵੱਧ ਵਿਆਹ 'ਚ 13 ਲੱਖ ਰੁਪਏ ਲਗਾਉਣ ਦੀ ਵਿਵਸਥਾ ਕਰ ਚੁੱਕਿਆ ਸੀ ਪਰ ਉਸ ਤੋਂ ਹੋਰ ਵੱਧ ਦਾਜ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦੀ ਵਿਵਸਥਾ ਉਹ ਨਹੀਂ ਕਰ ਸਕਿਆ। ਇਸ ਲਈ ਸਮਾਜ 'ਚ ਬੇਇੱਜ਼ਤੀ ਹੋਣ ਦੇ ਡਰ ਕਾਰਨ ਖ਼ੁਦਕੁਸ਼ੀ ਕਰ ਰਿਹਾ ਹਾਂ। ਮ੍ਰਿਤਕ ਨੇ ਲਿਖਿਆ ਹੈ ਕਿ ਸ਼ਨੀਵਾਰ ਨੂੰ ਉਹ ਕਾਸਨ ਪਿੰਡ 'ਚ ਲਾੜੇ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਗਿਆ ਸੀ ਪਰ ਉਨ੍ਹਾਂ ਲੋਕਾਂ ਨੇ ਦਾਜ ਦੇ ਬਿਨਾਂ ਰਿਸ਼ਤਾ ਕਰਨ ਤੋਂ ਮਨ੍ਹਾ ਕਰ ਦਿੱਤਾ।
ਵਿਆਹ ਵਾਲੇ ਘਰ ਪਸਰਿਆ ਮਾਤਮ
ਥਾਣਾ ਅਧਿਕਾਰੀ ਰਮਾ ਸ਼ੰਕਰ ਨੇ ਦੱਸਿਆ ਕਿ ਕੁੜੀ ਦਾ ਸੋਮਵਾਰ ਨੂੰ ਲਗਨ ਟਿੱਕਾ ਜਾਣਾ ਸੀ। 25 ਨਵੰਬਰ ਨੂੰ ਬਰਾਤ ਆਉਣੀ ਸੀ ਅਤੇ ਧੀ ਦਾ ਵਿਆਹ ਤੈਅ ਸੀ ਪਰ ਪਿਤਾ ਨੇ ਦਾਜ ਦਾ ਦੋਸ਼ ਲਗਾਉਂਦੇ ਹੋਏ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸੀ.ਐੱਚ.ਸੀ. ਟਪੂਕੜਾ 'ਚ ਪਹੁੰਚਾ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਹੈ। ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਿਆਹ ਵਾਲੇ ਘਰ ਮਾਤਮ ਪਸਰਿਆ ਹੋਇਆ ਹੈ।
ਇਹ ਵੀ ਪੜ੍ਹੋ : ਬੱਚੇ ਨੂੰ ਨਾਜਾਇਜ਼ ਦੱਸ ਰਹੇ ਪਤੀ ਤੋਂ ਖ਼ਫ਼ਾ ਪਤਨੀ ਨੇ ਪੁੱਤਾਂ ਨੂੰ ਦਿੱਤੀ ਦਰਦਨਾਕ ਮੌਤ