'ਅਗਨੀਵੀਰਾਂ' ਲਈ ਹਰਿਆਣਾ ਦੇ CM ਖੱਟੜ ਨੇ ਕੀਤਾ ਵੱਡਾ ਐਲਾਨ
Tuesday, Jun 21, 2022 - 11:08 AM (IST)
ਹਰਿਆਣਾ (ਭਾਸ਼ਾ)- ਫ਼ੌਜ 'ਚ ਭਰਤੀ ਸੰਬੰਧੀ ਕੇਂਦਰ ਸਰਕਾਰ ਦੀ ਨਵੀਂ 'ਅਗਨੀਪਥ ਯੋਜਨਾ' ਨੂੰ ਲੈ ਕੇ ਹੋ ਰਹੇ ਭਾਰੀ ਵਿਰੋਧ ਦਰਮਿਆਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੰਗਲਵਾਰ ਨੂੰ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਹਥਿਆਰਬੰਦ ਫ਼ੋਰਸਾਂ 'ਚ 4 ਸਾਲ ਦੇ ਕਾਰਜਕਾਲ ਤੋਂ ਬਾਅਦ 'ਅਗਨੀਵੀਰਾਂ' ਨੂੰ ਰੁਜ਼ਗਾਰ ਦੀ 'ਗਾਰੰਟੀ' ਦੇਵੇਗੀ। 'ਅਗਨੀਪਥ' ਯੋਜਨਾ ਦੇ ਵਿਰੋਧ 'ਚ ਸੂਬੇ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਵਿਆਪਕ ਪ੍ਰਦਰਸ਼ਨ ਹੋ ਰਹੇ ਹਨ। ਖੱਟੜ ਨੇ ਕੌਮਾਂਤਰੀ ਯੋਗ ਦਿਵਸ ਮੌਕੇ ਭਿਵਾਨੀ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ,''ਮੈਂ ਐਲਾਨ ਕਰਦਾ ਹਾਂ ਕਿ ਜੋ ਕੋਈ (ਅਗਨੀਵੀਰ) ਹਰਿਆਣਾ ਸਰਕਾਰ ਦੀਆਂ ਸੇਵਾਵਾਂ 'ਚ ਸ਼ਾਮਲ ਹੋਣਾ ਚਾਹੁੰਦਾ ਹੈ, ਉਸ ਨੂੰ ਨੌਕਰੀ ਦੀ ਗਾਰੰਟੀ ਦਿੱਤੀ ਜਾਵੇਗੀ। ਕੋਈ ਬੇਰੁਜ਼ਗਾਰ ਨਹੀਂ ਰਹੇਗਾ। ਅਸੀਂ ਇਸ ਦੀ ਗਾਰੰਟੀ ਲਵਾਂਗੇ।''
ਮੁੱਖ ਮੰਤਰੀ ਨੇ ਕਿਹਾ ਕਿ ਅਗਨੀਵੀਰਾਂ ਨੂੰ ਸੂਬੇ ਦੀਆਂ 'ਗਰੁੱਪ ਸੀ' ਸੇਵਾਵਾਂ ਅਤੇ ਪੁਲਸ ਫ਼ੋਰਸ 'ਚ ਸ਼ਾਮਲ ਕੀਤਾ ਜਾਵੇਗਾ। ਅਗਨੀਪਥ ਯੋਜਨਾ ਦਾ ਐਲਾਨ 14 ਜੂਨ ਨੂੰ ਕੀਤਾ ਗਿਆ ਸੀ। ਇਸ ਯੋਜਨਾ ਦੇ ਅਧੀਨ ਸਾਢੇ 17 ਸਾਲ ਤੋਂ 21 ਸਾਲ ਦੀ ਉਮਰ ਦਰਮਿਆਨ ਦੇ ਨੌਜਵਾਨਾਂ ਨੂੰ ਸਿਰਫ਼ 4 ਸਾਲ ਲਈ ਭਰਤੀ ਕਰਨ ਦਾ ਨਿਯਮ ਹੈ, ਜਿਨ੍ਹਾਂ 'ਚੋਂ 25 ਫੀਸਦੀ ਨੂੰ ਨਿਯਮਿਤ ਸੇਵਾ 'ਚ ਬਰਕਰਾਰ ਰੱਖਿਆ ਜਾਵੇਗਾ। ਸਰਕਾਰ ਨੇ ਬਾਅਦ 'ਚ 2022 'ਚ ਭਰਤੀ ਲਈ ਉੱਪਰੀ ਉਮਰ ਹੱਦ ਵਧਾ ਕੇ 23 ਸਾਲ ਕਰ ਦਿੱਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ