ਭਾਜਪਾ ਲਈ ਪੁੱਠੀ ਪੈ ਸਕਦੀ ਹੈ ਹਰਿਆਣਾ ਦੀ ਬਾਜ਼ੀ
Thursday, Oct 24, 2019 - 02:09 PM (IST)

ਹਰਿਆਣਾ— ਹਰਿਆਣਾ 'ਚ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਵੋਟਾਂ ਦੀ ਗਿਣਤੀ ਚਲ ਰਹੀ ਹੈ। ਰੁਝਾਨਾਂ ਮੁਤਾਬਕ ਕਾਂਗਰਸ ਅਤੇ ਭਾਜਪਾ ਵਿਚਾਲੇ ਕਾਂਟੇ ਦੀ ਟੱਕਰ ਚਲ ਰਹੀ ਹੈ। ਰੁਝਾਨਾਂ ਮੁਤਾਬਕ ਭਾਜਪਾ-ਕਾਂਗਰਸ ਦੋਵੇਂ ਪਾਰਟੀਆਂ 35-35 ਸੀਟਾਂ 'ਤੇ ਅੱਗੇ ਚਲ ਰਹੀਆਂ ਹਨ। ਭਾਜਪਾ ਹੱਥ ਸੱਤਾ ਦੀ ਚਾਬੀ ਹੱਥੋਂ ਖੁਸਕੀ ਨਜ਼ਰ ਆ ਰਹੀ ਹੈ। ਚੋਣਾਂ ਤੋਂ ਪਹਿਲਾਂ 'ਅਬ ਕੀ ਬਾਰ, 75 ਪਾਰ' ਦਾ ਨਾਅਰਾ ਦੇਣ ਵਾਲੀ ਭਾਜਪਾ ਪਾਰਟੀ ਨਤੀਜਿਆਂ 'ਚ ਬਹੁਮਤ ਦੇ ਅੰਕੜੇ 46 ਤਕ ਪਹੁੰਚਦੀ ਨਜ਼ਰ ਨਹੀਂ ਆ ਰਹੀ। 46 ਦੇ ਜਾਦੂਈ ਅੰਕੜੇ ਤਕ ਭਾਜਪਾ ਕਿਵੇਂ ਪਹੁੰਚੇਗੀ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। ਚੋਣ ਨਤੀਜੇ ਦੇ ਰੁਝਾਨਾਂ ਮੁਤਾਬਕ ਭਾਜਪਾ ਲਈ ਹਰਿਆਣਾ ਦੀ ਬਾਜ਼ੀ ਪੁੱਠੀ ਵੀ ਪੈ ਸਕਦੀ ਹੈ।
ਹਰਿਆਣਾ ਦੀਆਂ ਇਸ ਚੋਣਾਂ ਵਿਚ ਇਨੈਲੋ ਤੋਂ ਵੱਖ ਹੋ ਕੇ ਨਵੀਂ ਪਾਰਟੀ (ਜਨਨਾਇਕ ਜਨਤਾ ਪਾਰਟੀ) ਬਣਾਉਣ ਵਾਲੇ ਦੁਸ਼ਯੰਤ ਚੌਟਾਲਾ ਕਿੰਗ ਮੇਕਰ ਦੇ ਤੌਰ 'ਤੇ ਉਭਰੇ ਹਨ। ਜਨਨਾਇਕ ਜਨਤਾ ਪਾਰਟੀ 10 ਸੀਟਾਂ ਨਾਲ ਅੱਗੇ ਚਲ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ 'ਚ ਇਨੈਲੋ ਅਤੇ ਆਜ਼ਾਦ ਉਮੀਦਵਾਰ ਸ਼ਾਮਲ ਹਨ। ਅਹਿਮ ਸਵਾਲ ਇਹ ਹੈ ਕਿ ਲੋੜ ਪੈਣ 'ਤੇ ਦੁਸ਼ਯੰਤ ਆਖਕਾਰ ਕਿਸ ਨੂੰ ਸਮਰਥਨ ਦਿੰਦੇ ਹਨ। ਇਸ ਦਰਮਿਆਨ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਚੌਟਾਲਾ ਨੇ ਕਾਂਗਰਸ ਤੋਂ ਸੀ. ਐੱਮ. ਅਹੁਦੇ ਦੀ ਮੰਗ ਕੀਤੀ ਹੈ। ਓਧਰ ਕਾਂਗਰਸ ਦੇ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਜਨਾਦੇਸ਼ ਕਾਂਗਰਸ ਦੇ ਪੱਖ ਵਿਚ ਹੈ। ਮੈਂ ਸਾਰੇ ਦਲਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਭਾਜਪਾ ਵਿਰੁੱਧ ਇਕੱਠੇ ਹੋਣ।