ਹਰਿਆਣਾ ਵਿਧਾਨ ਸਭਾ ਦੇ ਉਪ ਸਪੀਕਰ ਦੀ ਕਾਰ ’ਤੇ ਹਮਲੇ ਦਾ ਮਾਮਲਾ ; 5 ਕਿਸਾਨ ਗ੍ਰਿਫ਼ਤਾਰ
Friday, Jul 16, 2021 - 03:42 PM (IST)
ਸਿਰਸਾ (ਲਲਿਤ)- ਵੀਰਵਾਰ ਨੂੰ ਸਿਰਸਾ ’ਚ ਇਕ ਵਾਰੀ ਫਿਰ ਪੁਲਸ ਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਇਸ ਕਾਰਵਾਈ ਦੌਰਾਨ ਪੁਲਸ ’ਤੇ ਕੁਝ ਕਿਸਾਨਾਂ ਨਾਲ ਕੁੱਟਮਾਰ ਕੀਤੇ ਜਾਣ ਦੇ ਦੋਸ਼ ਲੱਗੇ ਹਨ। ਜ਼ਿਕਰਯੋਗ ਹੈ ਕਿ ਬੀਤੀ 11 ਜੁਲਾਈ ਨੂੰ ਹਰਿਆਣਾ ਵਿਧਾਨ ਸਭਾ ਉਪ ਸਪੀਕਰ ਰਣਵੀਰ ਗੰਗਵਾਂ ਦੀ ਕਾਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਸਿਰਸਾ ਪੁਲਸ ਨੇ ਵੀਰਵਾਰ ਤੜਕੇ 5 ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ’ਚ ਦਲਬੀਰ ਸਿੰਘ, ਸਾਹਿਬ ਸਿੰਘ ਸਣੇ ਹੋਰ 3 ਹੋਰ ਕਿਸਾਨ ਸ਼ਾਮਲ ਹਨ, ਜਿਵੇਂ ਹੀ ਕਿਸਾਨਾਂ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ’ਚ ਰੋਸ ਫੈਲ ਗਿਆ। ਆਪਣੇ ਗ੍ਰਿਫ਼ਤਾਰ ਕਿਸਾਨ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕਾਫੀ ਗਿਣਤੀ ’ਚ ਕਿਸਾਨ ਭੂਮਣਸ਼ਾਹ ਚੌਕ ’ਤੇ ਇਕੱਠੇ ਹੋ ਗਏ। ਇਸ ਦੌਰਾਨ ਕਿਸਾਨਾਂ ਨੇ ਬਾਬਾ ਭੂਮਣਸ਼ਾਹ ਚੌਕ ’ਤੇ ਧਰਨਾ ਦਿੰਦੇ ਹੋਏ ਰੋਡ ਜਾਮ ਕਰਨ ਦੀ ਕੋਸ਼ਿਸ਼ ਕੀਤੀ।
ਇਸ ਮੌਕੇ ’ਤੇ ਐੱਸ. ਡੀ. ਐੱਮ. ਸਿਰਸਾ ਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਪੁੱਜ ਗਏ। ਅਧਿਕਾਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਪਰ ਕਿਸਾਨ ਗ੍ਰਿਫ਼ਤਾਰ ਕੀਤੇ ਗਏ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ’ਤੇ ਅੜੇ ਰਹੇ। ਜਦ ਕਿਸਾਨ ਨਹੀਂ ਮੰਨੇ ਤਾਂ ਪੁਲਸ ਐਕਸ਼ਨ ’ਚ ਆ ਗਈ। ਪੁਲਸ ਨੇ ਕਿਸਾਨਾਂ ਨੂੰ ਉਥੋਂ ਹਟਾਉਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਪੁਲਸ ’ਤੇ ਕੁੱਟਮਾਰ ਕਰਨ ਦੇ ਦੋਸ਼ ਵੀ ਲਾਏ ਹਨ। ਪੁਲਸ ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਖਿਲਾਫ ਰੋਸ ਮੁਜ਼ਾਹਰਾ ਕਰਦੇ ਹੋਏ ਕਿਸਾਨ ਪੁਲਸ ਕਪਤਾਨ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਬੈਠ ਗਏ। ਇਸ ਪੂਰੇ ਮਾਮਲੇ ’ਤੇ ਕਿਸਾਨ ਆਗੂ ਪ੍ਰਹਿਲਾਦ ਸਿੰਘ ਭਾਰੂਖੇੜਾ ਦਾ ਕਹਿਣਾ ਹੈ ਕਿ ਪੁਲਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਪ ਸਪੀਕਰ ਦੀ ਗੱਡੀ ’ਤੇ ਹੋਏ ਪਥਰਾਅ ਦੀ ਘਟਨਾ ਨਾਲ ਕਿਸਾਨਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਫਿਰ ਵੀ ਪੁਲਸ ਨੇ 100 ਕਿਸਾਨਾਂ ’ਤੇ ਕੇਸ ਦਰਜ ਕੀਤਾ ਹੈ। ਹੁਣ ਪੁਲਸ ਬੇਕਸੂਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਪੁਲਸ ਦੀ ਇਸ ਕਾਰਵਾਈ ਦਾ ਕਿਸਾਨਾਂ ਵੱਲੋਂ ਵਿਰੋਧ ਜਾਰੀ ਰਹੇਗਾ।