500 ਸਾਲ ਪੁਰਾਣੀ ‘ਬਾਉਲੀ’ ਨੂੰ ਵਿਰਾਸਤ ਦੇ ਰੂਪ ’ਚ ਕੀਤਾ ਜਾਵੇਗਾ ਵਿਕਸਿਤ

Monday, Aug 02, 2021 - 12:45 PM (IST)

ਕੁਰੂਕਸ਼ੇਤਰ— ਹਰਿਆਣਾ ਸਰਸਵਤੀ ਵਿਰਾਸਤ ਵਿਕਾਸ ਬੋਰਡ ਦੇ ਉੱਪ-ਚੇਅਰਮੈਨ ਧੁੰਮਣ ਸਿੰਘ ਕਿਰਮਾਚ ਨੇ ਪਿੰਡ ਈਸ਼ਰਗੜ੍ਹ ’ਚ ਸਥਿਤ ਪ੍ਰਾਚੀਨ ਬਾਉਲੀ ਦਾ ਨਿਰੀਖਣ ਕੀਤਾ। ਪਿੰਡ ਈਸ਼ਰਗੜ੍ਹ ਵਿਚ ਜੀ. ਟੀ. ਰੋਡ ਤੋਂ 200 ਮੀਟਰ ਦੂਰ ਸਥਿਤ ਪ੍ਰਾਚੀਨ ਬਾਉਲੀ ਨੂੰ ਵਿਰਾਸਤ ਵਜੋਂ ਵਿਕਸਿਤ ਕੀਤਾ ਜਾਵੇਗਾ। ਉੱਪ-ਚੇਅਰਮੈਨ ਧੁੰਮਣ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਨੇ ਬਾਉਲੀ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਇਸ ਬਾਰੇ ਪ੍ਰਚਲਿਤ ਕਥਾ ਬਾਰੇ ਚਰਚਾ ਵੀ ਕੀਤੀ।

ਧੁੰਮਣ ਸਿੰਘ ਨੇ ਕਿਹਾ ਕਿ ਇਸ ਬਾਉਲੀ ਦਾ ਬਹੁਤ ਪ੍ਰਾਚੀਨ ਇਤਿਹਾਸ ਹੈ ਅਤੇ ਗ੍ਰੰਥਾਂ ਅਤੇ ਪ੍ਰਸਿੱਧ ਕਥਾਵਾਂ ਮੁਤਾਬਕ ਇਹ ਬਾਉਲੀ 500 ਸਾਲ ਪੁਰਾਣੀ ਹੈ। ਇਸ ਬਾਉਲੀ ਨੂੰ ਲੱਖੀ ਰਾਏ ਬਾਉਲੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਸਰਪੰਚ ਗੁਰਮੀਤ ਸਿੰਘ ਨੇ ਕਿਹਾ ਕਿ ਬਾਉਲੀ ਬਣਾਉਣ ਵਾਲੇ ਲੱਖੀ ਰਾਏ ਵਣਜਾਰਾ ਉਹ ਵਿਅਕਤੀ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਸਾੜਿਆ ਸੀ। ਗੁਰੂ ਜੀ ਮੁਗ਼ਲ ਬਾਦਸ਼ਾਹ ਦੇ ਆਦੇਸ਼ ’ਤੇ ਸ਼ਹੀਦ ਹੋਏ ਸਨ। ਸਰਪੰਚ ਨੇ ਕਿਹਾ ਕਿ ਬਾਉਲੀ ਦੇ ਨੇੜੇ ਇਕ ਪੰਚਾਇਤੀ ਜ਼ਮੀਨ ਹੈ ਅਤੇ ਉਹ ਸਰਕਾਰ ਨੂੰ ਬੇਨਤੀ ਕਰਨਗੇ ਕਿ ਇਕ ਪਾਰਕ ਵਿਕਸਿਤ ਕੀਤੀ ਜਾਵੇ ਅਤੇ ਉੱਥੇ ਸੁੰਦਰੀਕਰਨ ਦਾ ਕੰਮ ਕੀਤਾ ਜਾਵੇ।

ਕਿਹਾ ਜਾਂਦਾ ਹੈ ਕਿ ਵਪਾਰ ਲਈ ਦੂਰ-ਦੁਰਾਡੇ ਦੇ ਖੇਤਰਾਂ ਵਿਚ ਜਾਂਦੇ ਸਮੇਂ ਲੱਖੀ ਰਾਏ ਵਣਜਾਰਾ ਸਰਸਵਤੀ ਨਦੀ ਦੇ ਇਸ ਖੇਤਰ ’ਚ ਠਹਿਰਿਆ ਕਰਦੇ ਸਨ। ਇਸ ਬਾਉਲੀ ਦੀਆਂ ਪ੍ਰਾਚੀਨ ਇੱਟਾਂ ਅਤੇ ਬਨਾਵਟ ਨੂੰ ਵੇਖ ਕੇ ਵੀ ਇਸ ਦੇ ਕਾਫੀ ਪੁਰਾਣੀ ਬਾਉਲੀ ਹੋਣ ਦੇ ਸਬੂਤ ਮਿਲੇ ਹਨ। ਉਨ੍ਹਾਂ ਕਿਹਾ ਕਿ ਸਾਰੇ ਇਤਿਹਾਸਕ ਅਤੇ ਪ੍ਰਾਚੀਨ ਤੀਰਥ ਸਥਾਨਾਂ ਨੂੰ ਇਕ ਵਿਰਾਸਤ ਦੇ ਰੂਪ ’ਚ ਵਿਕਸਿਤ ਕੀਤਾ ਜਾਵੇ। ਸਰਕਾਰ ਆਪਣੇ ਇਸ ਵਿਜ਼ਨ ਨੂੰ ਲੈ ਕੇ ਕੰਮ ਵੀ ਕਰ ਰਹੀ ਹੈ। ਜਿੱਥੇ ਸਰਸਵਤੀ ਨਦੀ ਨੂੰ ਫਿਰ ਤੋਂ ਧਰਾਤਲ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਸਰਸਵਤੀ ਨਦੀ ਦੇ ਕਿਨਾਰੇ ਪ੍ਰਾਚੀਨ ਘਾਟਾਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਸਰਸਵਤੀ ਨਦੀ ਦੇ ਖੇਤਰ ਵਿਚ ਪੈਣ ਵਾਲੇ ਸਾਰੇ ਪ੍ਰਾਚੀਨ ਸਥਾਨਾਂ ਨੂੰ ਬੋਰਡ ਸੈਰ-ਸਪਾਟਾ ਦੇ ਸਥਾਨ ਵਜੋਂ ਵੀ ਵਿਕਸਿਤ ਕਰੇਗਾ, ਤਾਂ ਜੋ ਸੈਲਾਨੀਆਂ ਨੂੰ ਹਰਿਆਣਾ ਦੀ ਪ੍ਰਾਚੀਨ ਵਿਰਾਸਤ ਬਾਰੇ ਜਾਣਨ ਦਾ ਮੌਕਾ ਮਿਲ ਸਕੇ।


Tanu

Content Editor

Related News