ਟਰੱਕ ਡਰਾਈਵਰ ਨੇ ਫੇਸਬੁੱਕ ''ਤੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ, ਇਹ ਸੀ ਵਜ੍ਹਾ
Monday, Oct 12, 2020 - 10:51 AM (IST)
ਹਿਸਾਰ— ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਕਸਬਾ ਉਕਲਾਨਾ ਮੰਡੀ 'ਚ ਇਕ ਟਰੱਕ ਡਰਾਈਵਰ ਨੇ ਸੋਸ਼ਲ ਮੀਡੀਆ ਸਾਈਟ ਫੇਸਬੁੱਕ 'ਤੇ ਲਾਈਵ ਹੋ ਕੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਪਵਨ ਕੁਮਾਰ ਬਿਸ਼ਨੋਈ ਊਰਫ ਪੋਨੀ ਨੇ ਸਵੇਰੇ 4 ਵਜੇ ਕਰੀਬ ਮਰਨ ਤੋਂ ਪਹਿਲਾਂ ਫੇਸਬੁੱਕ 'ਤੇ ਲਾਈਵ ਹੋ ਕੇ ਕੰਪਨੀ ਦੇ ਮਾਲਕ 'ਤੇ ਤਨਖ਼ਾਹ ਨਾ ਦੇਣ ਦਾ ਦੋਸ਼ ਲਾਇਆ। ਇਸ ਤੋਂ ਬਾਅਦ ਪੱਖੇ ਨਾਲ ਲਟਕਾਇਆ ਫੰਦਾ ਗਲ਼ 'ਚ ਪਾਇਆ ਅਤੇ ਹੇਠਾਂ ਕੁਰਸੀ ਨੂੰ ਹਟਾ ਦਿੱਤਾ। ਚੰਦ ਮਿੰਟਾਂ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਬਾਅਦ ਵਿਚ ਇਹ ਲਾਈਵ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
ਪਰਿਵਾਰਕ ਮੈਂਬਰਾਂ ਮੁਤਾਬਕ ਪਵਨ ਨੇ ਪਹਿਲਾਂ ਵੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਸਮਝਾ ਕੇ ਰੋਕ ਦਿੱਤਾ ਗਿਆ। ਪੁਲਸ ਨੂੰ ਦਿੱਤੇ ਬਿਆਨ 'ਚ ਪਵਨ ਦੇ ਤਾਏ ਦੇ ਬੇਟੇ ਚੰਦਰ ਮੋਹਨ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਾਲਾਂ ਵਿਚ ਹਿਸਾਰ ਜ਼ਿਲ੍ਹੇ ਵਿਚ ਬਰਵਾਲਾ ਦੇ ਨੇੜੇ ਸਥਿਤ ਖੇਦੜ ਥਰਮਲ ਪਲਾਂਟ 'ਚ ਹਾਂਸੀ ਦੇ ਪੁਰਸ਼ੋਤਮ ਅਤੇ ਉਸ ਦੇ ਸਾਂਝੇਦਾਰਾਂ ਦੀ ਕੰਪਨੀ ਵਿਚ ਬਤੌਰ ਡਰਾਈਵਰ ਨੌਕਰੀ ਕਰ ਰਿਹਾ ਸੀ। ਕੰਪਨੀ ਦੇ ਮਾਲਕ ਪਿਛਲੇ 3 ਸਾਲਾਂ ਤੋਂ ਉਸ ਨੂੰ ਤਨਖ਼ਾਹ ਨਹੀਂ ਦੇ ਰਹੇ ਸਨ।
ਫੇਸਬੁੱਕ 'ਤੇ ਵਾਇਰਲ ਵੀਡੀਓ ਵਿਚ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪਵਨ ਨੂੰ ਇਹ ਕਹਿੰਦੇ ਹੋਏ ਸੁਣਿਆ ਅਤੇ ਦੇਖਿਆ ਜਾ ਸਕਦਾ ਹੈ ਕਿ ਪੁਰਸ਼ੋਤਮ ਤੂੰ ਮੈਨੂੰ ਮੇਰੀ ਤਨਖ਼ਾਹ ਨਹੀਂ ਦਿੱਤੀ ਪਰ ਹੁਣ ਮੇਰੇ ਮਰਨ ਤੋਂ ਬਾਅਦ ਮੇਰੇ ਬੱਚਿਆਂ ਨੂੰ ਤਾਂ ਦੇ ਦੇਵੀਂ। ਪੁਰਸ਼ੋਤਮ ਅੱਜ ਮੈਂ ਤੇਰੇ ਕਾਰਨ ਮਰ ਰਿਹਾ ਹਾਂ। ਇਹ ਕਹਿ ਕੇ ਉਹ ਵਾਰ-ਵਾਰ ਰੋ ਰਿਹਾ ਸੀ ਅਤੇ ਪੁਰਸ਼ੋਤਮ, ਅਨਿਲ ਬਾਲਕੀਆ ਦਾ ਨਾਂ ਲੈ ਰਿਹਾ ਸੀ। ਇਸ ਦਰਮਿਆਨ ਪਵਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਬਿਨਾਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਵਾਲੇ ਇਸ ਗੱਲ 'ਤੇ ਅੜੇ ਹੋਏ ਹਨ ਕਿ ਇਸ ਮਾਮਲੇ ਵਿਚ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ ਅਤੇ ਮਾਮਲੇ ਦੀ ਜਾਂਚ ਆਈ. ਪੀ. ਐੱਸ. ਅਧਿਕਾਰੀ ਤੋਂ ਕਰਵਾਈ ਜਾਵੇ। ਪਵਨ ਦੇ ਪਰਿਵਾਰ ਵਿਚ ਮਾਂ, ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਹੈ।