ਭਾਰਤੀ ਮੁੰਡੇ ਦੇ ਇਸ ਸਾਫਟਵੇਅਰ ਸਦਕਾ ਬੱਚੇ ਅਸ਼ਲੀਲ ਸਾਈਟਾਂ ਤੋਂ ਰਹਿਣਗੇ ਦੂਰ
Wednesday, Jan 22, 2020 - 04:28 PM (IST)
![ਭਾਰਤੀ ਮੁੰਡੇ ਦੇ ਇਸ ਸਾਫਟਵੇਅਰ ਸਦਕਾ ਬੱਚੇ ਅਸ਼ਲੀਲ ਸਾਈਟਾਂ ਤੋਂ ਰਹਿਣਗੇ ਦੂਰ](https://static.jagbani.com/multimedia/2020_1image_16_26_087655024a16.jpg)
ਸੋਨੀਪਤ (ਬਿਊਰੋ): ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਡੀ.ਏ.ਵੀ. ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਪਰਿਤੋਸ਼ ਦਹੀਆ ਨੇ ਬੱਚਿਆਂ ਨੂੰ ਅਸ਼ਲੀਲ ਸਾਈਟਾਂ ਤੋਂ ਦੂਰ ਰੱਖਣ ਲਈ ਇਕ ਚਾਈਲਡ ਸੇਫ ਵੈਬ ਬ੍ਰਾਊਜ਼ਰ ਤਿਆਰ ਕੀਤਾ ਹੈ।ਇੰਟਰਨੈੱਟ 'ਤੇ ਅਸ਼ਲੀਲ ਅਤੇ ਡਾਰਕਨੈੱਟ ਸਾਈਟਾਂ ਤੋਂ ਪ੍ਰਭਾਵਿਤ ਹੋ ਰਹੇ ਬਚਪਨ ਨੂੰ ਬਚਾਉਣ ਲਈ ਪਰਿਤੋਸ਼ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਜੋ ਕਿ ਸੋਨੀਪਤ ਲਈ ਹੀ ਨਹੀਂ ਸਗੋਂ ਪੂਰੇ ਹਰਿਆਣਾ ਲਈ ਵੱਡੀ ਉਪਲਬਧੀ ਹੈ।
ਇੱਥੇ ਦੱਸ ਦਈਏ ਕਿ ਪਰਿਤੋਸ਼ ਦਹੀਆ ਨੇ ਨਾਬਾਲਗ ਬੱਚਿਆਂ ਨੂੰ ਇੰਟਰਨੈੱਟ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਲਈ ਚਾਈਲਡ ਸੇਫ ਵੈਬ ਬ੍ਰਾਊਜ਼ਰ ਬਣਾਇਆ ਹੈ, ਜਿਸ ਦੇ ਤਹਿਤ ਕੋਈ ਵੀ ਨਾਬਾਲਗ ਮਤਲਬ 18 ਸਾਲ ਤੋਂ ਘੱਟ ਉਮਰ ਦਾ ਬੱਚਾ ਐਡਲਟ ਸਾਈਟ ਨਹੀਂ ਖੋਲ੍ਹ ਸਕੇਗਾ।
ਪਰਿਤੋਸ਼ ਦੀ ਇਸ ਉਪਲਬਧੀ 'ਤੇ ਉਸ ਦੀ ਮਾਂ ਗੀਤਾ ਦਹੀਆ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਸੋਨੀਪਤ ਦੇ ਡੀ.ਏ.ਵੀ. ਸਕੂਲ ਦਾ ਵਿਦਿਆਰਥੀ ਹੈ ਅਤੇ ਉਹ 2 ਸਾਲ ਤੋਂ ਇਸ ਪੂਰੇ ਪ੍ਰਾਜੈਕਟ 'ਤੇ ਕੰਮ ਕਰ ਰਿਹਾ ਸੀ। ਪਰਿਤੋਸ਼ ਦੀ ਇਸ ਉਪਲਬਧੀ ਨਾਲ ਪੂਰੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।
ਉੱਥੇ ਮਾਂ ਗੀਤਾ ਦਾ ਕਹਿਣਾ ਹੈ ਕਿ ਉਸ ਦੀ ਇੱਛਾ ਹੈ ਕਿ ਪਰਿਤੋਸ਼ ਦੇਸ਼ ਲਈ ਹੋਰ ਚੰਗੇ ਪ੍ਰਾਜੈਕਟਾਂ 'ਤੇ ਕੰਮ ਕਰੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇ।