ਹਰਿਆਣਾ ਦੇ ਵਿਧਾਇਕਾਂ ਨੂੰ 5 ਸਟਾਰ ਹੋਟਲਾਂ ''ਚ ਰੁਕਣ ਦੀ ਮਨਜ਼ੂਰੀ, ਕਿਰਾਇਆ ਸੀਮਾ ਵਧੀ
Saturday, Dec 27, 2025 - 05:10 PM (IST)
ਚੰਡੀਗੜ੍ਹ- ਹਰਿਆਣਾ ਸਰਕਾਰ ਨੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੇ ਰੁਕਣ ਅਤੇ ਯਾਤਰਾ ਭੱਤਿਆਂ ਨਾਲ ਜੁੜੇ ਨਿਯਮਾਂ 'ਚ ਅਹਿਮ ਸੋਧ ਕੀਤਾ ਹੈ। ਨਵੇਂ ਪ੍ਰਬੰਧਾਂ ਦੇ ਅਧੀਨ ਹੁਣ ਹਰਿਆਣਾ ਦੇ ਵਿਧਾਇਕ ਫਾਈਵ-ਸਟਾਰ ਹੋਟਲਾਂ 'ਚ ਵੀ ਰੁਕ ਸਕਣਗੇ। ਮੈਟਰੋ ਸ਼ਹਿਰਾਂ 'ਚ ਇਸ ਲਈ ਵੱਧ ਤੋਂ ਵੱਧ 12 ਹਜ਼ਾਰ ਰੁਪਏ ਪ੍ਰਤੀ ਦਿਨ ਅਤੇ ਗੈਰ-ਮੈਟਰੋ ਸ਼ਹਿਰਾਂ 'ਚ 9 ਹਜ਼ਾਰ ਰੁਪਏ ਪ੍ਰਤੀ ਦਿਨ ਤੱਕ ਦੀ ਸੀਮਾ ਤੈਅ ਕੀਤੀ ਗਈ ਹੈ। ਇਹ ਰਾਸ਼ੀ ਪਹਿਲਾਂ ਤੈਅ 5 ਹਜ਼ਾਰ ਰੁਪਏ ਦੀ ਸੀਮਾ ਤੋਂ ਲਗਭਗ 168 ਫੀਸਦੀ ਵੱਧ ਹੈ। ਇਸ ਸਹੂਲਤ ਦਾ ਲਾਭ ਹਾਲਾਂਕਿ ਸਿਰਫ਼ ਉਨ੍ਹਾਂ ਵਿਧਾਇਕਾਂ ਨੂੰ ਮਿਲੇਗਾ, ਜੋ ਵਿਧਾਨ ਸਭਾ ਕਮੇਟੀਆਂ ਦੇ ਮੈਂਬਰ ਵਜੋਂ ਅਧਿਕਾਰਤ ਦੌਰੇ 'ਤੇ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਵਧਦੀ ਮਹਿੰਗਾਈ, ਹੋਟਲ ਕਿਰਾਇਆ 'ਚ ਵਾਧੇ ਅਤੇ ਜਨਪ੍ਰਤੀਨਿਧੀਆਂ ਦੇ ਮਾਣ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ। ਪ੍ਰੋਟੋਕਾਲ ਦੇ ਅਧੀਨ ਵਿਧਾਇਕਾਂ ਨੂੰ ਆਮ ਤੌਰ 'ਤੇ ਸੂਬੇ ਦੇ ਮੁੱਖ ਸਕੱਤਰ ਤੋਂ ਉੱਪਰ ਸਥਾਨ ਦਿੱਤਾ ਜਾਂਦਾ ਹੈ।
ਸਰਕਾਰੀ ਜਾਣਕਾਰੀ ਅਨੁਸਾਰ, ਹਰਿਆਣਾ ਦੇ ਵਿਧਾਇਕਾਂ ਨੂੰ ਮੌਜੂਦਾ ਸਮੇਂ ਕਰੀਬ 2.25 ਲੱਖ ਰੁਪਏ ਮਹੀਨਾਵਾਰ ਤਨਖਾਹ ਮਿਲਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 18 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਯਾਤਰਾ ਭੱਤਾ ਅਤੇ ਸਾਲਾਨਾ 3 ਲੱਖ ਰੁਪਏ ਤੱਕ ਦਾ ਯਾਤਰਾ ਖਰਚ ਵੀ ਮਿਲਦਾ ਹੈ। ਚੰਡੀਗੜ੍ਹ ਸਣੇ ਵੱਡੇ ਸ਼ਹਿਰਾਂ 'ਚ ਚੰਗੇ ਫਾਈਵ-ਸਟਾਰ ਹੋਟਲਾਂ ਦਾ ਕਿਰਾਇਆ 9,000 ਤੋਂ 12,000 ਰੁਪਏ ਪ੍ਰਤੀ ਦਿਨ ਤੱਕ ਹੋਣ ਕਾਰਨ ਸਰਕਾਰ ਨੇ ਇਹ ਸੋਧ ਕੀਤਾ ਹੈ। ਹਰਿਆਣਾ ਵਿਧਾਨ ਸਭਾ ਸਕੱਤਰ ਰਾਜੀਵ ਪ੍ਰਸਾਦ ਵਲੋਂ ਜਾਰੀ ਨੋਟੀਫਿਕੇਸ਼ਨ 'ਚ ਦੱਸਿਆ ਗਿਆ ਹੈ ਕਿ ਨਵੇਂ ਨਿਯਮਾਂ ਨੂੰ 'ਹਰਿਆਣਾ ਵਿਧਾਨ ਸਭਾ (ਮੈਂਬਰਾਂ ਨੂੰ ਭੱਤੇ) ਸੋਧ ਨਿਯਮ, 2025' ਨਾਂ ਦਿੱਤਾ ਗਿਆ ਹੈ। ਨਵੇਂ ਨਿਯਮਾਂ 'ਚ ਸਾਬਕਾ ਵਿਧਾਇਕਾਂ ਨੂੰ ਵੀ ਰਾਹਤ ਦਿੱਤੀ ਗਈ ਹੈ। ਕਰੀਬ 550 ਸਾਬਕਾ ਵਿਧਾਇਕਾਂ ਲਈ ਪੈਨਸ਼ਨ, ਮਹਿੰਗਾਈ ਭੱਤੇ ਅਤੇ ਯਾਤਰਾ ਭੱਤੇ 'ਤੇ ਲੱਗੀ ਇਕ ਲੱਖ ਰੁਪਏ ਦੀ ਵੱਧ ਤੋਂ ਵੱਧ ਸੀਮਾ ਹਟਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੁਣ ਸਾਬਕਾ ਵਿਧਾਇਕ ਹਰ ਮਹੀਨੇ ਯਾਤਰਾ ਭੱਤੇ ਵਜੋਂ 10 ਹਜ਼ਾਰ ਰੁਪਏ ਤੱਕ ਪ੍ਰਾਪਤ ਕਰ ਸਕਣਗੇ। ਸਰਕਾਰ ਦੇ ਇਸ ਫ਼ੈਸਲੇ ਨੂੰ ਜਨਪ੍ਰਤੀਨਿਧੀਆਂ ਦੀਆਂ ਸਹੂਲਤਾਂ 'ਚ ਵੱਡਾ ਸੁਧਾਰ ਮੰਨਿਆ ਜਾ ਰਿਹਾ ਹੈ, ਉੱਥੇ ਹੀ ਇਸ ਨੂੰ ਲੈ ਕੇ ਰਾਜਨੀਤਕ ਅਤੇ ਸਮਾਜਿਕ ਹਲਕਿਆਂ 'ਚ ਚਰਚਾ ਵੀ ਤੇਜ਼ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
