ਹਰਿਆਣਾ ਦਾ 23ਵਾਂ ਨਵਾਂ ਜ਼ਿਲ੍ਹਾ ਬਣਿਆ ਹਾਂਸੀ, ਸਰਕਾਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ
Monday, Dec 22, 2025 - 05:29 PM (IST)
ਚੰਡੀਗੜ੍ਹ- ਹਰਿਆਣਾ ਸਰਕਾਰ ਨੇ ਇਕ ਵੱਡਾ ਪ੍ਰਸ਼ਾਸਨਿਕ ਕਦਮ ਚੁੱਕਦਿਆਂ ਹਾਂਸੀ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਹੈ। ਜਿਸ ਦੀ ਨੋਟੀਫਿਕੇਸ਼ਨ ਅੱਜ ਯਾਨੀ ਸੋਮਵਾਰ ਨੂੰ ਜਾਰੀ ਕਰ ਦਿੱਤੀ ਗਈ। ਹਰਿਆਣਾ ਲੈਂਡ ਰੈਵੇਨਿਊ ਐਕਟ, 1887 ਦੇ ਤਹਿਤ ਜਾਰੀ ਕੀਤੇ ਗਏ ਇਸ ਆਦੇਸ਼ ਅਨੁਸਾਰ, ਹਿਸਾਰ ਜ਼ਿਲ੍ਹੇ ਦੀਆਂ ਸੀਮਾਵਾਂ 'ਚ ਬਦਲਾਅ ਕਰਕੇ ਹਾਂਸੀ ਅਤੇ ਨਾਰਨੌਂਦ ਸਬ-ਡਵੀਜ਼ਨਾਂ ਨੂੰ ਮਿਲਾ ਕੇ ਇਹ ਨਵਾਂ ਜ਼ਿਲ੍ਹਾ ਗਠਿਤ ਕੀਤਾ ਗਿਆ ਹੈ।

ਪਹਿਲਾਂ ਹਿਸਾਰ ਜ਼ਿਲ੍ਹੇ 'ਚ 6 ਤਹਿਸੀਲ ਅਤੇ 3 ਸਬ-ਤਹਿਸੀਲ ਸਨ। ਤਹਿਸੀਲ ਹਿਸਾਰ, ਹਾਂਸੀ, ਨਾਰਨੌਂਦ, ਬਰਵਾਲਾ, ਬਾਸ ਅਤੇ ਆਦਮਪੁਰ ਅਤੇ ਉੱਪ ਤਹਿਸੀਲ ਬਾਲਸਮੰਦ, ਉਕਲਾਨਾ ਅਤੇ ਖੇਰੀ ਜਾਲਬ ਸਨ। ਹਾਂਸੀ ਜ਼ਿਲ੍ਹੇ ਦੇ ਗਠਨ ਤੋਂ ਬਾਅਦ ਬਾਸ, ਨਾਰਨੌਂਦ ਅਤੇ ਹਾਂਸੀ ਤਹਿਸੀਲ ਹਾਂਸੀ ਜ਼ਿਲ੍ਹੇ 'ਚ ਸ਼ਾਮਲ ਹੋ ਜਾਣਗੀਆਂ, ਜਦੋਂ ਕਿ ਹਿਸਾਰ ਜ਼ਿਲ੍ਹੇ 'ਚ ਸਿਰਫ਼ ਹਿਸਾਰ ਅਤੇ ਬਰਵਾਲਾ ਸਬ ਡਿਜ਼ੀਵਨ ਰਹਿਣਗੇ।

ਹਾਂਸੀ ਜ਼ਿਲ੍ਹੇ ਦੇ ਬਣਨ ਨਾਲ ਪ੍ਰਸ਼ਾਸਨਿਕ ਸਹੂਲਤਾਂ ਸਥਾਨਕ ਪੱਧਰ 'ਤੇ ਮਿਲਣਗੀਆਂ। ਹੁਣ ਲੋਕਾਂ ਨੂੰ ਪ੍ਰਸ਼ਾਸਨਿਕ ਕੰਮਾਂ ਲਈ ਹਿਸਾਰ ਨਹੀਂ ਆਉਣਾ ਪਵੇਗਾ। ਹਾਂਸੀ 'ਚ ਹੀ ਜ਼ਿਲ੍ਹਾ ਕਲੈਕਟਰ ਅਤੇ ਡੀਸੀ ਦਾ ਦਫ਼ਤਰ ਸਥਾਪਤ ਹੋਵੇਗਾ। ਇਸ ਤੋਂ ਇਲਾਵਾ ਹਾਂਸੀ 'ਚ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਦਾ ਗਠਨ ਕੀਤਾ ਜਾਵੇਗਾ। ਜ਼ਿਲ੍ਹਾ ਜੱਜ ਇੱਥੇ ਬੈਠਣਗੇ, ਜਿਸ ਨਾਲ ਮੁਕੱਦਮਿਆਂ ਦੀ ਪੈਰਵੀ ਸਥਾਨਕ ਰੂਪ ਨਾਲ ਸੰਭਵ ਹੋਵੇਗੀ। ਹਾਂਸੀ ਦੇ ਜ਼ਿਲ੍ਹਾ ਬਣਨ ਨਾਲ ਖੇਤਰ ਦੇ ਵਿਕਾਸ 'ਚ ਤੇਜ਼ੀ ਆਏਗੀ ਅਤੇ ਨਵੀਆਂ ਯੋਜਨਾਵਾਂ ਰਾਹੀਂ ਰੁਜ਼ਗਾਰ ਦੇ ਮੌਕੇ ਵਧਣਗੇ।
