ਹਰਿਆਣਾ ਵਿਧਾਨ ਸਭਾ ''ਚ ''ਵੰਦੇ ਮਾਤਰਮ'' ਦੇ 150 ਸਾਲ ਪੂਰੇ ਹੋਣ ਮੌਕੇ ਚਰਚਾ ਦੌਰਾਨ ਹੋਈ ਤਿੱਖੀ ਬਹਿਸ
Friday, Dec 19, 2025 - 05:50 PM (IST)
ਚੰਡੀਗੜ੍ਹ- ਹਰਿਆਣਾ ਵਿਧਾਨ ਸਭਾ 'ਚ ਰਾਸ਼ਟਰ ਗੀਤ 'ਵੰਦੇ ਮਾਤਰਮ' ਦੀ ਰਚਨਾ ਦੇ 150 ਸਾਲ ਪੂਰੇ ਹੋਣ ਦੇ ਮੌਕੇ 'ਤੇ ਕਰਵਾਈ ਗਈ ਚਰਚਾ ਦੌਰਾਨ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਵਿਚਕਾਰ ਜ਼ਬਰਦਸਤ ਬਹਿਸ ਦੇਖਣ ਨੂੰ ਮਿਲੀ। ਚਰਚਾ ਦੀ ਸ਼ੁਰੂਆਤ ਭਾਜਪਾ ਵਿਧਾਇਕ ਘਨਸ਼ਿਆਮ ਦਾਸ ਨੇ ਕੀਤੀ, ਪਰ ਜਲਦੀ ਹੀ ਇਹ ਮੁੱਦਾ ਦੇਸ਼ ਭਗਤੀ ਅਤੇ ਵਾਤਾਵਰਣ ਦੀ ਰਾਜਨੀਤੀ 'ਚ ਬਦਲ ਗਿਆ।
ਵਾਤਾਵਰਣ ਦੇ ਮੁੱਦੇ 'ਤੇ ਘਿਰੀ ਸਰਕਾਰ ਕਾਂਗਰਸ ਵਿਧਾਇਕ ਆਦਿੱਤਿਆ ਸੁਰਜੇਵਾਲਾ ਨੇ ਚਰਚਾ 'ਚ ਹਿੱਸਾ ਲੈਂਦਿਆਂ ਕਿਹਾ ਕਿ ਜਦੋਂ ਅਸੀਂ ਵੰਦੇ ਮਾਤਰਮ ਕਹਿੰਦੇ ਹਾਂ, ਤਾਂ ਅਸੀਂ ਆਪਣੀ ਮਾਤ ਭੂਮੀ ਨੂੰ ਨਮਨ ਕਰਦੇ ਹਾਂ। ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਮਾਤ ਭੂਮੀ ਦਾ ਪਾਣੀ ਸੀਸਾ ਅਤੇ ਯੂਰੇਨੀਅਮ ਨਾਲ ਭਰਨਾ ਅਤੇ ਅਰਾਵਲੀ ਦੇ ਜੰਗਲਾਂ ਨੂੰ ਕੱਟਣਾ ਮਾਤ ਭੂਮੀ ਦਾ ਸਨਮਾਨ ਹੈ? ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਅੱਜ ਬੱਚੇ ਮਾਸਕ ਪਾ ਕੇ ਸਕੂਲ ਜਾਣ ਲਈ ਮਜ਼ਬੂਰ ਹਨ ਅਤੇ ਬਜ਼ੁਰਗ ਪ੍ਰਦੂਸ਼ਿਤ ਹਵਾ 'ਚ ਸਾਹ ਲੈਣ ਲਈ ਸੰਘਰਸ਼ ਕਰ ਰਹੇ ਹਨ।
ਅਨਿਲ ਵਿਜ ਦੀ ਤਿੱਖੀ ਪ੍ਰਤੀਕਿਰਿਆ
ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਕਾਂਗਰਸ ਦੇ ਇਸ ਤਰਕ 'ਤੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਦੀ ਪਵਿੱਤਰਤਾ ਨੂੰ ਪ੍ਰਦੂਸ਼ਣ ਵਰਗੇ ਮੁੱਦਿਆਂ ਨਾਲ ਜੋੜ ਕੇ ਧੁੰਦਲਾ ਨਹੀਂ ਕੀਤਾ ਜਾਣਾ ਚਾਹੀਦਾ। ਵਿਜ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ "ਤੁਸੀਂ ਮੁਹੰਮਦ ਅਲੀ ਜਿਨਾਹ ਦੇ ਕਹਿਣ 'ਤੇ ਵੰਦੇ ਮਾਤਰਮ ਦੇ 2 ਅੰਤਰੇ ਕੱਟ ਦਿੱਤੇ ਸਨ" ਅਤੇ ਕਾਂਗਰਸ ਨੇ ਕਦੇ ਵੀ ਇਸ ਗੀਤ ਨੂੰ ਉਹ ਮਾਣ ਨਹੀਂ ਦਿੱਤਾ ਜਿਸ ਦਾ ਇਹ ਹੱਕਦਾਰ ਸੀ।
ਹੁੱਡਾ ਨੇ ਦਿੱਤਾ ਮੂੰਹ-ਤੋੜ ਜਵਾਬ
ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਦਖਲ ਦਿੰਦਿਆਂ ਕਿਹਾ ਕਿ ਉਹ ਇਕ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਤੋਂ ਹਨ ਅਤੇ ਉਨ੍ਹਾਂ ਨੂੰ ਕਿਸੇ ਤੋਂ ਦੇਸ਼ ਭਗਤੀ ਸਿੱਖਣ ਦੀ ਲੋੜ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ 1950 'ਚ ਸੰਵਿਧਾਨ ਸਭਾ ਦੁਆਰਾ ਅਪਣਾਏ ਗਏ ਰਾਸ਼ਟਰ ਗੀਤ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ।
ਮੁੱਖ ਮੰਤਰੀ ਨੇ ਸ਼ਾਂਤ ਕਰਵਾਇਆ ਮਾਮਲਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਦਨ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਵੰਦੇ ਮਾਤਰਮ ਨੇ ਭਾਰਤ ਦੇ ਸੁਤੰਤਰਤਾ ਅੰਦੋਲਨ 'ਚ ਨਵੀਂ ਊਰਜਾ ਭਰੀ ਸੀ। ਉਨ੍ਹਾਂ ਕਿਹਾ ਕਿ ਅਨਿਲ ਵਿਜ ਦਾ ਮਤਲਬ ਸਿਰਫ਼ ਇਹ ਸੀ ਕਿ ਰਾਸ਼ਟਰ ਗੀਤ ਨੂੰ ਪ੍ਰਦੂਸ਼ਣ ਦੇ ਮੁੱਦਿਆਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਸ ਦੌਰਾਨ ਕਾਂਗਰਸੀ ਮੈਂਬਰ ਬੀ.ਬੀ. ਬੱਤਰਾ ਨੇ 1975 ਦੀ ਐਮਰਜੈਂਸੀ ਬਾਰੇ ਭਾਜਪਾ ਮੈਂਬਰਾਂ ਦੀਆਂ ਟਿੱਪਣੀਆਂ 'ਤੇ ਵੀ ਸਖ਼ਤ ਇਤਰਾਜ਼ ਜਤਾਇਆ।
