ਜ਼ਮੀਨੀ ਵਿਵਾਦ ਦੇ ਚੱਲਦੇ ਭਰਾ ਹੀ ਬਣਿਆ ਭਰਾ ਦਾ ਕਾਤਲ
Wednesday, Sep 23, 2020 - 04:08 PM (IST)
ਗੋਹਾਨਾ— ਹਰਿਆਣਾ ਦੇ ਗੋਹਾਨਾ ’ਚ ਜ਼ਮੀਨੀ ਵਿਵਾਦ ਦੇ ਚੱਲਦੇ ਵੱਡੇ ਭਰਾ ਵਲੋਂ ਛੋਟੇ ਭਰਾ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਸ ਥਾਣਾ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰਾਬੜਾ ਵਿਚ ਗੋਲੀ ਚੱਲੀ ਹੈ। ਪੁਲਸ ਮੌਕੇ ’ਤੇ ਪੁੱਜੀ। ਮਿ੍ਰਤਕ ਦੀ ਪਹਿਚਾਣ 24 ਸਾਲ ਦੇ ਅਮਨ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਮਿ੍ਰਤਕ ਦੇ ਪਰਿਵਾਰ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਭਰਾ ਨੇ ਜ਼ਮੀਨੀ ਵਿਵਾਦ ਕਾਰਨ ਗੋਲੀ ਮਾਰ ਕੇ ਭਰਾ ਦਾ ਕਤਲ ਕੀਤਾ ਹੈ। ਅਮਨ ਦੇ ਪਿਤਾ ਆਜ਼ਾਦ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਕ੍ਰਿਸ਼ਨ ਨੇ ਉਸ ਦੇ ਛੋਟੇ ਪੁੱਤਰ ਅਮਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਸ ਨੇ ਮਿ੍ਰਤਕ ਦੇ ਭਰਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਖਾਨਪੁਰ ਮੈਡੀਕਲ ਕਾਲਜ ਵਿਚ ਭੇਜ ਦਿੱਤੀ ਹੈ।
ਮਿ੍ਰਤਕ ਅਮਨ ਦੇੇ ਪਰਿਵਾਰ ਨੇ ਦੱਸਿਆ ਕਿ ਉਸ ਦਾ ਆਪਣੇ ਭਰਾ ਕ੍ਰਿਸ਼ਨ ਨਾਲ ਦੋ ਸਾਲਾਂ ਤੋਂ ਜ਼ਮੀਨ ਦੀ ਬਿਜਾਈ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਗੱਲ ਨੂੰ ਲੈ ਕੇ ਰਾਤ ਨੂੰ ਦੋਹਾਂ ਭਰਾਵਾਂ ਵਿਚ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਕ੍ਰਿਸ਼ਨ ਨੇ ਆਪਣੇ ਛੋਟੇ ਭਰਾ ਅਮਨ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਉਸ ਨੂੰ ਖਾਨਪੁਰ ਮਹਿਲਾ ਮੈਡੀਕਲ ਕਾਲਜ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।