ਹਰਿਆਣਾ ਨੂੰ ਅਮਿਤ ਸ਼ਾਹ ਨੇ ਦਿੱਤੀ ਸੌਗਾਤ, 6 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
Thursday, Oct 27, 2022 - 03:58 PM (IST)

ਫਰੀਦਾਬਾਦ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਹਰਿਆਣਾ ਔਰਬਿਟਲ ਰੇਲ ਕਾਰੀਡੋਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਅਤੇ ਤਿੰਨ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਦੀ ਕੁੱਲ ਲਾਗਤ 6,629 ਕਰੋੜ ਰੁਪਏ ਹੈ। ਸ਼ਾਹ ਨੇ ਫਰੀਦਾਬਾਦ ਦੇ ਸੈਕਟਰ-12 ਸਥਿਤ ਪਰੇਡ ਗਰਾਊਂਡ ਵਿਚ ਆਯੋਜਿਤ ਪ੍ਰੋਗਰਾਮ ’ਚ ਆਨਲਾਈਨ ਜ਼ਰੀਏ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ 5,618 ਕਰੋੜ ਰੁਪਏ ਦੀ ਲਾਗਤ ਵਾਲੀ ਹਰਿਆਣਾ ਔਰਬਿਟਲ ਰੇਲ ਕਾਰੀਡੋਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।
ਸ਼ਾਹ ਨੇ ਸੋਨੀਪਤ ਦੇ ਬਰਹੀ ਵਿਚ 590 ਕਰੋੜ ਰੁਪਏ ਦੇ ਰੇਲ ਕੋਚ ਨਵੀਨੀਕਰਨ ਕਾਰਖ਼ਾਨੇ ਅਤੇ ਹੋਰਤਕ ’ਚ 315.40 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦੇਸ਼ ਦੇ ਪਹਿਲੇ ਸਭ ਤੋਂ ਲੰਬੇ ਐਲੀਵੇਟੇਡ ਰੇਲਵੇ ਟਰੈੱਕ ਦਾ ਉਦਘਾਟਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ 106 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਹਰਿਆਣਾ ਪੁਲਸ ਨਿਵਾਸ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਦੌਰਾਨ ਪ੍ਰੋਗਰਾਮ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਕੇਂਦਰੀ ਊਰਜਾ ਮੰਤਰੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਅਤੇ ਫਰੀਦਬਾਦ ਦੇ ਸਥਾਨਕ ਸੰਸਦ ਮੈਂਬਰ ਕ੍ਰਿਸ਼ਨਪਾਲ ਗੁੱਜਰ ਅਤੇ ਭਾਜਪਾ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਓ. ਪੀ. ਧਨਖੜ ਵੀ ਮੌਜੂਦ ਸਨ।