ਕੋਰੋਨਾ ਹੋਣ ਤੋਂ ਬਾਅਦ ਸਾਬਕਾ CM ਹਰੀਸ਼ ਰਾਵਤ ਦੀ ਸਿਹਤ ਵਿਗੜੀ, ਦਿੱਲੀ ਏਮਜ਼ ’ਚ ਰੈਫਰ
Thursday, Mar 25, 2021 - 02:23 PM (IST)
ਨਵੀਂ ਦਿੱਲੀ– ਕੋਰੋਨਾ ਨਾਲ ਪੀੜਤ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਸਿਹਤ ਹੋਰ ਵਿਗੜ ਗਈ ਹੈ। ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਹਰੀਸ਼ ਰਾਵਤ ਪਤਨੀ ਅਤੇ ਬੇਟੀ ਸਮੇਤ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਦੱਸਿਆ ਗਿਆ ਹੈ ਕਿ ਹਰੀਸ਼ ਰਾਵਤ ਦਾ ਬੁਖ਼ਾਰ ਘੱਟ ਨਹੀਂ ਹੋ ਰਿਹਾ, ਇਸ ਕਾਰਨ ਉਨ੍ਹਾਂ ਨੂੰ ਦਿੱਲੀ ਏਮਜ਼ ’ਚ ਰੈਫਰ ਕੀਤਾ ਗਿਆ ਹੈ। ਹਰੀਸ਼ ਰਾਵਤ ਨੂੰ ਏਅਰਲਿਫਟ ਕਰਕੇ ਦਿੱਲੀ ਏਮਜ਼ ਲਿਜਾਉਣ ਦੀ ਤਿਆਰੀ ਚੱਲ ਰਹੀ ਹੈ। ਇਸ ਦੀ ਪੁਸ਼ਟੀ ਉਨ੍ਹਾਂ ਦੇ ਸਾਬਕਾ ਸਲਾਹਕਾਰ ਸੁਰੇਂਦਰ ਅਗਰਵਾਲ ਨੇ ਦਿੱਤੀ ਹੈ।
ਹਰੀਸ਼ ਰਾਵਤ ਨੂੰ ਵੀਰਵਾਰ ਸਵੇਰੇ ਕੁਝ ਜਾਂਚਾਂ ਲਈ ਦੂਨ ਹਸਪਤਾਲ ਲਿਜਾਇਆ ਗਿਆ ਸੀ ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ’ਚ ਸੁਧਾਰ ਨਾ ਹੁੰਦਾ ਵੇਖ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ’ਚ ਰੈਫਰ ਕਰ ਦਿੱਤਾ।
ਫਿਲਹਾਲ ਹਰੀਸ਼ ਰਾਵਤ ਨੂੰ ਸਟੇਟ ਦੂਨ ਮੈਡੀਕਲ ਹਸਪਤਾਲ ਦੇ ਵੀ.ਆਈ.ਪੀ. ਵਾਰਡ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਸਿਟੀ ਸਕੈਨ ਅਤੇ ਹੋਰ ਜਾਂਚ ਕੀਤੀ ਗਈ ਹੈ। ਉਨ੍ਹਾਂ ਦੇ ਫੇਫੜਿਆਂ ’ਚ ਇਨਫੈਕਸ਼ਨ ਪਾਈ ਗਈ ਹੈ। ਸਟੇਟ ਦੂਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਆਸ਼ੁਤੋਸ਼ ਸਯਾਨਾ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਏਅਰ ਐਂਬੁਲੈਂਸ ਰਾਹੀਂ ਦਿੱਲੀ ਏਮਜ਼ ਭੇਜਣ ਦੀ ਤਿਆਰੀ ਚੱਲ ਰਹੀ ਹੈ।
ਹਰੀਸ਼ ਰਾਵਤ ਪਤਨੀ ਅਤੇ ਬੇਟੀ ਸਮੇਤ ਕੋਰੋਨਾ ਦੀ ਚਪੇਟ ’ਚ
ਦੱਸ ਦੇਈਏ ਕਿ ਬੁੱਧਵਾਰ ਨੂੰ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਹਰੀਸ਼ ਰਾਵਤ ਪਤਨੀ ਅਤੇ ਬੇਟੀ ਸਮੇਤ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਨਾਲ ਹੀ ਉਨ੍ਹਾਂ ਦੇ ਸਟਾਫ ਦੇ ਦੋ ਲੋਕ ਵੀ ਕੋਰੋਨਾ ਪਾਜ਼ੇਟਿਵ ਮਿਲੇ। ਖ਼ੁਦ ਹਰੀਸ਼ ਰਾਵਤ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਸੀ ਅਤੇ ਆਪਣੇ ਸੰਪਰਕ ’ਚ ਆਉਣ ਵਾਲਿਆਂ ਨੂੰ ਕੋਵਿਡ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਸੀ।