ਪਾਕਿਸਤਾਨ ਇਸ ਸਮੇਂ ਕਮਜ਼ੋਰ, ਪੀ. ਓ. ਕੇ. ਵਾਪਸ ਲਵੇ ਸਰਕਾਰ : ਹਰੀਸ਼ ਰਾਵਤ
Monday, Dec 05, 2022 - 12:08 PM (IST)

ਦੇਹਰਾਦੂਨ– ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਹਰੀਸ਼ ਰਾਵਤ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਨੂੰ ਆਜ਼ਾਦ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਪੀ. ਓ. ਕੇ. ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਰਾਵਤ ਨੇ ਕਿਹਾ, ‘‘ਕਾਂਗਰਸ ਸਰਕਾਰ ਦੌਰਾਨ ਸੰਸਦ ’ਚ ਇਸ ਸਬੰਧ ’ਚ ਇਕ ਮਤਾ ਪਾਸ ਕੀਤਾ ਗਿਆ ਹੈ। ਅਸੀਂ ਸਮਝਦੇ ਹਾਂ ਕਿ ਮੋਦੀ ਜੀ ਦੀ ਸਰਕਾਰ ਦੇ ਏਜੰਡੇ ’ਚ ਵੀ ਇਹ ਕੰਮ ਹੋਣਾ ਚਾਹੀਦਾ ਹੈ।
ਇਹ ਸਿਰਫ਼ ਸ਼ਬਦਾਂ ਰਾਹੀਂ ਨਹੀਂ ਹੋਣਾ ਚਾਹੀਦਾ। ਇਸ ਸਮੇਂ ਪਾਕਿਸਤਾਨ ਦੀ ਹਾਲਤ ਕਮਜ਼ੋਰ ਹੈ, ਇਹ ਸਮਾਂ ਹੈ ਜਦੋਂ ਪਾਕਿਸਤਾਨ ਤੋਂ ਅਸੀਂ ਪੀ. ਓ. ਕੇ. ਵਾਪਸ ਲੈ ਸਕਦੇ ਹੈ। ਸਰਕਾਰ ਨੂੰ ਇਸ ਸਬੰਧੀ ਕਦਮ ਚੁੱਕਣੇ ਚਾਹੀਦੇ ਹਨ।
ਇਸ ਦੌਰਾਨ ਰਾਵਤ ਏ. ਆਈ. ਐੱਮ. ਦੇ ਮੁਖੀ ਅਸਦੁਦੀਨ ਓਵੈਸੀ ਅਤੇ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ। ਹਰੀਸ਼ ਰਾਵਤ ਨੇ ਕਿਹਾ ਕਿ ਅਸਦੁਦੀਨ ਓਵੈਸੀ ਅਤੇ ਕੇਜਰੀਵਾਲ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ ਕਿ ਭਾਜਪਾ ਦੀ ਜ਼ਿਆਦਾ ਮਦਦ ਕੌਣ ਕਰ ਸਕਦਾ ਹੈ।