ਹਰਿਦੁਆਰ ''ਚ ਅਸਥੀ ਵਿਸਰਜਨ ''ਤੇ ਲੱਗੀ ਰੋਕ ਹਟੀ
Friday, May 08, 2020 - 10:47 AM (IST)
 
            
            ਦੇਹਰਾਦੂਨ/ਹਰਿਦੁਆਰ- ਲਾਕਡਾਊਨ ਦੌਰਾਨ ਧਰਮਨਗਰੀ ਹਰਿਦੁਆਰ 'ਚ ਅਸਥੀ ਵਿਸਰਜਨ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਤੀਰਥ ਪੁਜਾਰੀਆਂ ਦੀ ਮੰਗ 'ਤੇ ਪ੍ਰਦੇਸ਼ ਸਰਕਾਰ ਨੇ ਵੀਰਵਾਰ ਨੂੰ ਹੋਈ ਕੈਬਨਿਟ ਬੈਠਕ 'ਚ ਇਹ ਫੈਸਲਾ ਲਿਆ ਹੈ। ਮਾਰਚ 'ਚ ਲਾਕਡਾਊਨ ਲਾਗੂ ਹੁੰਦੇ ਹੀ ਹਰਿਦੁਆਰ 'ਚ ਅਸਥੀ ਵਿਸਰਜਨ 'ਤੇ ਪੂਰੀ ਤਰਾਂ ਰੋਕ ਲਗਾ ਦਿੱਤੀ ਗਈ ਸੀ। ਬਾਹਰੀ ਸੂਬਿਆਂ ਤੋਂ ਲੋਕ ਪ੍ਰਸ਼ਾਸਨ ਦੀ ਮਨਜ਼ੂਰੀ ਲੈ ਕੇ ਅਸਥੀ ਵਿਸਰਜਨ ਨੂੰ ਆ ਰਹੇ ਸਨ ਪਰ ਜ਼ਿਲੇ ਦੇ ਤਿੰਨਾਂ ਬਾਰਡਰਾਂ ਤੋਂ ਹੀ ਉਨਾਂ ਨੂੰ ਪੁਲਸ ਵਾਪਸ ਭੇਜ ਰਹੀ ਸੀ। ਸਥਾਨਕ ਤੀਰਥ ਪੁਜਾਰੀ ਲਗਾਤਾਰ ਅਸਥੀ ਵਿਸਰਜਨ 'ਤੇ ਲੱਗੀ ਰੋਕ ਹਟਾਉਣ ਦੀ ਮੰਗ ਕਰ ਰਹੇ ਸਨ।
ਤਿੰਨ ਦਿਨ ਪਹਿਲਾਂ ਹੀ ਸ਼੍ਰੀ ਗੰਗਾ ਸਭਾ ਦੇ ਚੇਅਰਮੈਨ ਪ੍ਰਦੀਪ ਝਾਅ ਅਤੇ ਮਹਾਮੰਤਰੀ ਤਨਮਯ ਵਸ਼ਿਸ਼ਠ ਨੇ ਸ਼ਹਿਰੀ ਵਿਕਾਸ ਮੰਤਰੀ ਮਦਨ ਕੌਸ਼ਿਕ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਸੌਂਪਿਆ ਸੀ। ਆਖਰਕਾਰ ਗੰਗਾ ਸਭਾ ਦੇ ਤੀਰਥ ਪੁਜਾਰੀਆਂ ਦੀ ਕੋਸ਼ਿਸ਼ ਰੰਗ ਲਿਆਈ ਅਤੇ ਵੀਰਵਾਰ ਨੂੰ ਕੈਬਨਿਟ ਦੀ ਬੈਠਕ 'ਚ ਅਸਥੀ ਵਿਸਰਜਨ 'ਤੇ ਲੱਗੀ ਰੋਕ ਨੂੰ ਹਟਾ ਦਿੱਤਾ ਗਿਆ। ਸਰਕਾਰੀ ਬੁਲਾਰੇ ਅਤੇ ਸ਼ਹਿਰੀ ਵਿਕਾਸ ਮੰਤਰੀ ਮਦਨ ਕੌਸ਼ਿਕ ਨੇ ਦੱਸਿਆ ਕਿ ਗੱਡੀ ਚਾਲਕ ਤੋਂ ਇਲਾਵਾ ਮਰਹੂਮ ਵਿਅਕਤੀ ਦੇ 2 ਪਰਿਵਾਰ ਵਾਲੇ ਅਸਥੀ ਵਿਸਰਜਨ ਲਈ ਆ ਸਕਦੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            