ਫ਼ਲ ਵੇਚ ਗਰੀਬਾਂ ਲਈ ਖੋਲ੍ਹਿਆ ਸਕੂਲ, ਜਾਣੋ ਪਦਮਸ਼੍ਰੀ ਨਾਲ ਸਨਮਾਨਿਤ ਹਰੇਕਾਲਾ ਹਜੱਬਾ ਦੀ ਕਹਾਣੀ

11/08/2021 11:09:08 PM

ਨਵੀਂ ਦਿੱਲੀ -  ਸੰਤਰੇ ਵੇਚਣ ਵਾਲੇ ਇੱਕ 64 ਸਾਲਾ ਸ਼ਖਸ ਹਰੇਕਾਲਾ ਹਜੱਬਾ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਸੋਮਵਾਰ ਨੂੰ ਆਯੋਜਿਤ ਸਮਾਗਮ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਰਨਾਟਕ ਦੇ ਰਹਿਣ ਵਾਲੇ ਹਜੱਬਾ ਨੂੰ ਇਹ ਸਨਮਾਨ ਦਿੱਤਾ। ਸਮਾਜਿਕ ਕਾਰਜਾਂ ਦੇ ਤਹਿਤ ਆਉਣ ਵਾਲੇ ਸਿੱਖਿਆ ਦੇ ਖੇਤਰ ਵਿੱਚ ਆਪਣੇ ਯੋਗਦਾਨ ਲਈ ਹਜੱਬਾ ਨੂੰ ਇਸ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

'ਅੱਖਰ ਸੰਤ' ਵਜੋਂ ਜਾਣੇ ਜਾਂਦੇ ਹਜੱਬਾ ਨੂੰ ਕਦੇ ਵੀ ਸਕੂਲੀ ਸਿੱਖਿਆ ਨਹੀਂ ਮਿਲ ਸਕੀ। ਇੱਕ ਵਾਰ ਉਨ੍ਹਾਂ ਦਾ ਸਾਹਮਣਾ ਕੁੱਝ ਵਿਦੇਸ਼ੀ ਸੈਲਾਨੀਆਂ ਨਾਲ ਹੋਇਆ, ਜਿਨ੍ਹਾਂ ਨੇ ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਸੰਤਰਿਆਂ ਦੀ ਕੀਮਤ ਪੁੱਛਿਆ ਪਰ ਉਹ ਕੀਮਤ ਨਹੀਂ ਦੱਸ ਸਕੇ। ਇਸ ਦੇ ਬਾਅਦ ਉਨ੍ਹਾਂ ਨੂੰ ਕਾਫ਼ੀ ਸ਼ਰਮਿੰਦਗੀ ਮਹਿਸੂਸ ਹੋਈ। ਉਨ੍ਹਾਂ ਕਿਹਾ, ਮੈਨੂੰ ਕਾਫ਼ੀ ਸ਼ਰਮਿੰਦਗੀ ਹੋਈ ਕਿ ਜੋ ਫਲ ਮੈਂ ਕਈ ਸਾਲਾਂ ਤੋਂ ਵੇਚਦਾ ਆ ਰਿਹਾ ਹਾਂ, ਮੈਂ ਉਸ ਦੀ ਕੀਮਤ ਤੱਕ ਨਹੀਂ ਦੱਸ ਸਕਿਆ।  

ਇਸ ਤੋਂ ਬਾਅਦ ਉਨ੍ਹਾਂ ਦੇ ਦਿਮਾਗ ਵਿੱਚ ਸਕੂਲ ਖੋਲ੍ਹਣ ਦਾ ਆਈਡੀਆ ਆਇਆ। ਉਨ੍ਹਾਂ ਦੇ ਪਿੰਡ ਨਿਊਪਾਡਾਪੁ ਵਿੱਚ ਕੋਈ ਸਕੂਲ ਨਹੀਂ ਸੀ ਅਤੇ ਪਿੰਡ ਦੇ ਸਾਰੇ ਬੱਚੇ ਸਕੂਲੀ ਸਿੱਖਿਆ ਤੋਂ ਵਾਂਝੇ ਸਨ। ਹਜੱਬਾ ਨਹੀਂ ਚਾਹੁੰਦੇ ਸਨ ਕਿ ਜੋ ਦੁੱਖ ਉਨ੍ਹਾਂ ਨੇ ਝੱਲਿਆ, ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹੀ ਦੁੱਖ ਝੱਲਣੇ ਪੈਣ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2000 'ਚ ਸੰਤਰੇ ਵੇਚ ਕੇ ਆਪਣੀ ਜਮ੍ਹਾ ਪੂੰਜੀ ਨਾਲ ਪਿੰਡ ਦੀ ਨੁਹਾਰ ਬਦਲ ਦਿੱਤੀ ਅਤੇ ਇਕ ਏਕੜ 'ਚ ਸਕੂਲ ਬਣਵਾਇਆ ਤਾਂ ਜੋ ਬੱਚੇ ਸਕੂਲੀ ਸਿੱਖਿਆ ਹਾਸਲ ਕਰ ਸਕਣ। ਉਨ੍ਹਾਂ ਨੇ ਜ਼ਰੂਰਤਮੰਦ ਬੱਚਿਆਂ ਲਈ ਇੱਕ ਪ੍ਰਾਇਮਰੀ ਸਕੂਲ ਦੀ ਸਥਾਪਨਾ ਕੀਤੀ। ਭਵਿੱਖ ਵਿੱਚ ਉਨ੍ਹਾਂ ਦਾ ਸੁਫ਼ਨਾ ਆਪਣੇ ਪਿੰਡ ਵਿੱਚ ਇੱਕ ਪ੍ਰੀ-ਯੂਨੀਵਰਸਿਟੀ ਕਾਲਜ ਦਾ ਹੈ। ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਤੀਜੇ ਵੀ ਸਨ।

ਕਰਨਾਟਕ ਤੋਂ ਹੋਰ ਕਿਸ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ
ਸਮਾਜਿਕ ਕਾਰਜਾਂ ਵਿੱਚ ਤੁਲਸੀ ਗੌੜਾ, ਖੇਡਾਂ ਵਿੱਚ ਐੱਮ.ਪੀ. ਗਣੇਸ਼, ਮੈਡੀਸਨ ਵਿੱਚ ਬੈਂਗਲੁਰੂ ਗੰਗਾਧਰ, ਵਪਾਰ ਅਤੇ ਉਦਯੋਗ ਵਿੱਚ ਭਾਰਤ ਗੋਇਨਕਾ, ਸਾਹਿਤ ਅਤੇ ਸਿੱਖਿਆ ਵਿੱਚ ਕੇ.ਵੀ. ਸੰਪਤ ਕੁਮਾਰ, ਸਾਹਿਤ ਅਤੇ ਸਿੱਖਿਆ ਵਿੱਚ ਜੈਲਕਸ਼ਮੀ ਕੇ.ਐੱਸ., ਵਪਾਰ ਅਤੇ ਉਦਯੋਗ ਵਿੱਚ ਵਿਜੇ ਸੰਕਰੇਸ਼ਵਰ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਦੱਸ ਦਿਓ ਕਿ ਇਸ ਦੌਰਾਨ ਪੀ.ਐੱਮ. ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਰਹੇ। ਦਿੱਲੀ ਤੋਂ ਪਰਤਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਜੱਬਾ ਨੂੰ ਸਨਮਾਨਿਤ ਕਰੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News