ਹਨੂੰਮਾਨ ਜਯੰਤੀ ਸ਼ੋਭਾ ਯਾਤਰਾ ਹਿੰਸਾ : ਸੰਬਲਪੁਰ ’ਚ ਇੰਟਰਨੈੱਟ ਸੇਵਾਵਾਂ ਮੁਅੱਤਲ, 43 ਲੋਕ ਹਿਰਾਸਤ ’ਚ
Friday, Apr 14, 2023 - 11:05 AM (IST)
ਸੰਬਲਪੁਰ (ਓਡਿਸ਼ਾ), (ਭਾਸ਼ਾ)- ਓਡਿਸ਼ਾ ਸਰਕਾਰ ਨੇ ਹਨੂੰਮਾਨ ਜਯੰਤੀ ’ਤੇ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਹਿੰਸਾ ਭੜਕਣ ਤੋਂ ਬਾਅਦ ਸੰਬਲਪੁਰ ਜ਼ਿਲੇ ’ਚ ਵੀਰਵਾਰ ਨੂੰ ਸਵੇਰੇ 10 ਵਜੇ ਤੋਂ 48 ਘੰਟੇ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਅਤੇ ਇਲਾਕੇ ’ਚ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਹਿੰਸਾ ’ਚ ਇਕ ਔਰਤ ਮੁਲਾਜ਼ਮ ਸਮੇਤ ਘੱਟ ਤੋਂ ਘੱਟ 10 ਪੁਲਸ ਮੁਲਾਜ਼ਮ ਜਖ਼ਮੀ ਹੋ ਗਏ ਸਨ। ਹਾਲਾਂਕਿ ਪੁਲਸ ਨੇ ਹਿੰਸਾ ’ਚ ਮਾਰੇ ਗਏ ਲੋਕਾਂ ਦੀ ਜਾਣਕਾਰੀ ਨਹੀਂ ਦਿੱਤੀ। ਪ੍ਰਸ਼ਾਸਨ ਨੇ ਸੰਬਲਪੁਰ ਸ਼ਹਿਰ ਦੇ 6 ਥਾਣਾ ਖੇਤਰਾਂ ਟਾਊਨ, ਧਨੁਪਾਲੀ, ਖੇਤਰਾਜਪੁਰ, ਐਂਥਾਪਾਲੀ, ਬਰੇਈਪਾਲੀ ਅਤੇ ਸਦਰ ਦੇ ਅਧੀਨ ਆਉਣ ਵਾਲੇ ਖੇਤਰਾਂ ’ਚ ਅਪਰਾਧਿਕ ਪ੍ਰਕਿਰਿਆ ਦੇ ਕੋਡ (ਸੀ. ਆਰ. ਪੀ. ਸੀ.) ਦੀ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ। ਗ੍ਰਹਿ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਡੀ. ਕੇ. ਸਿੰਘ ਨੇ ਸੰਬਲਪੁਰ ’ਚ ਇੰਟਰਨੈੱਟ ’ਤੇ ਰੋਕ ਦੇ ਸਬੰਧ ’ਚ ਇਕ ਨੋਟੀਫਿਕੇਸ਼ਨ ਜਾਰੀ ਕੀਤਾ।
ਸੰਬਲਪੁਰ ਪੁਲਸ ਦੇ ਸੁਪਰਡੈਂਟ (ਐੱਸ. ਪੀ.) ਬੀ. ਗੰਗਾਧਰ ਨੇ ਦੱਸਿਆ ਕਿ 43 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ 26 ਲੋਕਾਂ ’ਤੇ ਹੁਣ ਤੱਕ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਇਲਾਕੇ ’ਚ ਪੁਲਸ ਬਲਾਂ ਦੀਆਂ 30 ਟੁਕੜੀਆਂ ਨੂੰ ਤਾਇਨਾਤ ਕੀਤੀਆਂ ਗਈਆਂ ਹਨ। ਸਥਿਤੀ ਹੁਣ ਕਾਬੂ ’ਚ ਹੈ।