HAL ਨੂੰ ਸਰਕਾਰ ਤੋਂ ਮਿਲੀ ਵੱਡੀ ਡੀਲ, 12 ਸੁਖੋਈ ਜੈੱਟ ਖਰੀਦਣ ਲਈ 13,500 ਕਰੋੜ ਰੁਪਏ ਦਾ ਸੌਦਾ
Friday, Dec 13, 2024 - 12:50 AM (IST)
ਡੈਸ਼ਨਲ ਡੈਸਕ - ਰੱਖਿਆ ਮੰਤਰਾਲੇ ਨੇ 12 ਸੁਖੋਈ ਜੈੱਟ ਖਰੀਦਣ ਲਈ ਵੱਡੀ ਸਰਕਾਰੀ ਕੰਪਨੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚ.ਏ.ਐੱਲ.) ਨਾਲ 13,500 ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ। ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ 62.6 ਫੀਸਦੀ ਜਹਾਜ਼ ਘਰੇਲੂ ਸਮੱਗਰੀ ਨਾਲ ਬਣੇ ਹੋਣਗੇ। ਭਾਰਤੀ ਹਵਾਈ ਸੈਨਾ ਲਈ ਰੂਸੀ ਮੂਲ ਦੇ SU-30MKI ਜੈੱਟ ਖਰੀਦੇ ਜਾ ਰਹੇ ਹਨ। ਇਹ ਜੈੱਟ ਹੁਣ ਐਚ.ਏ.ਐਲ. ਦੁਆਰਾ ਅੰਤਰ-ਸਰਕਾਰੀ ਢਾਂਚੇ ਦੇ ਤਹਿਤ ਬਣਾਏ ਜਾ ਰਹੇ ਹਨ। ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ ਇਨ੍ਹਾਂ ਜਹਾਜ਼ਾਂ 'ਚ 62.6 ਫੀਸਦੀ ਘਰੇਲੂ ਸਮੱਗਰੀ ਹੋਵੇਗੀ, ਜਦੋਂ ਕਿ ਪ੍ਰਮੁੱਖ ਪੁਰਜ਼ਿਆਂ ਦਾ ਨਿਰਮਾਣ ਭਾਰਤੀ ਰੱਖਿਆ ਉਦਯੋਗ ਵੱਲੋਂ ਕੀਤਾ ਜਾਵੇਗਾ।
ਨਾਸਿਕ ਡਿਵੀਜ਼ਨ ਵਿੱਚ ਹੋਵੇਗਾ ਨਿਰਮਾਣ
ਬਿਆਨ ਵਿੱਚ ਕਿਹਾ ਗਿਆ ਹੈ, "ਇਹ ਸਵੈ-ਨਿਰਭਰਤਾ ਵੱਲ ਭਾਰਤ ਦੀ ਯਾਤਰਾ ਵਿੱਚ ਇੱਕ ਹੋਰ ਮੀਲ ਪੱਥਰ ਹੈ, ਜੋ ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਸਮਰੱਥਾ ਵਿੱਚ ਵਾਧਾ ਕਰੇਗਾ।" ਇਨ੍ਹਾਂ ਲੜਾਕੂ ਜਹਾਜ਼ਾਂ ਦਾ ਨਿਰਮਾਣ ਐਚ.ਏ.ਐਲ. ਦੇ ਨਾਸਿਕ ਡਿਵੀਜ਼ਨ ਵਿੱਚ ਕੀਤਾ ਜਾਵੇਗਾ। ਇਨ੍ਹਾਂ ਲੜਾਕੂ ਜਹਾਜ਼ਾਂ ਦੀ ਸਪਲਾਈ ਨਾਲ ਭਾਰਤੀ ਹਵਾਈ ਸੈਨਾ ਦੀ ਸੰਚਾਲਨ ਸਮਰੱਥਾ ਦਾ ਵਿਸਤਾਰ ਹੋਵੇਗਾ ਅਤੇ ਦੇਸ਼ ਦੀ ਰੱਖਿਆ ਸ਼ਕਤੀ ਵਿੱਚ ਵਾਧਾ ਹੋਵੇਗਾ।
ਪਹਿਲਾਂ ਵੀ ਹੋਇਆ ਸੀ ਇਹ ਸੌਦਾ
ਰੱਖਿਆ ਮੰਤਰਾਲੇ ਨੇ ਇਸ ਤੋਂ ਪਹਿਲਾਂ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਨੂੰ ਵਧਾਉਣ ਲਈ 26,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸੁਖੋਈ-30 ਐਮ.ਕੇ.ਆਈ. ਜਹਾਜ਼ਾਂ ਦੇ 240 AL-31FP ਏਰੋ ਇੰਜਣ ਖਰੀਦਣ ਲਈ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਨਾਲ ਇਕਰਾਰਨਾਮਾ ਕੀਤਾ ਸੀ। ਇਨ੍ਹਾਂ ਇੰਜਣਾਂ ਦਾ ਨਿਰਮਾਣ ਐਚਏਐਲ ਦੇ ਕੋਰਾਪੁਟ ਡਿਵੀਜ਼ਨ ਵਿੱਚ ਕੀਤਾ ਜਾਵੇਗਾ। ਇਹ ਇੰਜਣ ਸੁਖੋਈ-30 ਫਲੀਟ ਦੀ ਸਮਰੱਥਾ ਨੂੰ ਵਧਾ ਦੇਣਗੇ। ਕੰਪਨੀ ਹਰ ਸਾਲ ਹਵਾਈ ਸੈਨਾ ਨੂੰ 30 ਇੰਜਣਾਂ ਦੀ ਸਪਲਾਈ ਕਰੇਗੀ।