ਜੰਮੂ-ਕਸ਼ਮੀਰ ਤੋਂ 145 ਸ਼ਰਧਾਲੂਆਂ ਦਾ ਪਹਿਲਾ ਜੱਥਾ ਹੱਜ ਲਈ ਸਾਊਦੀ ਅਰਬ ਰਵਾਨਾ
Sunday, Jun 05, 2022 - 04:04 PM (IST)

ਸ਼੍ਰੀਨਗਰ- ਕੋਰੋਨਾ ਮਹਾਮਾਰੀ ਕਾਰਨ ਦੋ ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਹੁਣ ਇਸ ਸਾਲ ਦੀ ਹੱਜ ਯਾਤਰਾ ਲਈ 145 ਸ਼ਰਧਾਲੂਆਂ ਦਾ ਪਹਿਲਾ ਜੱਥਾ ਸ਼੍ਰੀਨਗਰ ਤੋਂ ਸਾਊਦੀ ਅਰਬ ਲਈ ਰਵਾਨਾ ਹੋਇਆ ਹੈ। ਹੱਜ ਕਮੇਟੀ ਦੇ ਮੈਂਬਰ ਏਜਾਜ਼ ਹੁਸੈਨ ਨੇ ਮਾਲੀਆ ਵਿਭਾਗ ਦੇ ਸਕੱਤਰ ਵਿਜੇ ਕੁਮਾਰ, ਭਾਰਤੀ ਹੱਜ ਕਮੇਟੀ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਜਾਵੇਦ ਅਹਿਮਦ ਅਤੇ ਜੰਮੂ-ਕਸ਼ਮੀਰ ਹੱਜ ਕਮੇਟੀ ਦੇ ਕਾਰਜਕਾਰੀ ਅਧਿਕਾਰੀ ਦੇ ਨਾਲ 145 ਹੱਜ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਰਵਾਨਾ ਕੀਤਾ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਤੋਂ ਇਸ ਸਾਲ ਘੱਟੋ-ਘੱਟ 6,000 ਹੱਜ ਯਾਤਰੀ ਸਾਊਦੀ ਅਰਬ ਹੱਜ ਲਈ ਜਾਣਗੇ। ਇਨ੍ਹਾਂ 'ਚੋਂ 5,400 ਲੋਕ ਕਸ਼ਮੀਰ ਘਾਟੀ ਅਤੇ ਬਾਕੀ ਜੰਮੂ ਅਤੇ ਲੱਦਾਖ ਦੇ ਵੱਖ-ਵੱਖ ਹਿੱਸਿਆਂ ਤੋਂ ਹੋਣਗੇ। ਅਰਬ ਸਰਕਾਰ ਵੱਲੋਂ ਕੋਵਿਡ-19 ਪਾਬੰਦੀਆਂ ਹਟਾਉਣ ਤੋਂ ਬਾਅਦ ਇਸ ਸਾਲ ਹੱਜ ਯਾਤਰਾ ਮੁੜ ਸ਼ੁਰੂ ਹੋਈ। ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਸਾਊਦੀ ਅਰਬ ਲਈ ਪਹਿਲੀ ਉਡਾਣ ਵਿਚ ਕੁੱਲ 145 ਹੱਜ ਯਾਤਰੀ ਸਵਾਰ ਹੋਏ। ਹੁਣ ਤੋਂ 20 ਜੂਨ ਤੱਕ ਹੱਜ ਯਾਤਰਾ ਲਈ ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਰੋਜ਼ਾਨਾ ਦੋ ਤੋਂ ਤਿੰਨ ਉਡਾਣਾਂ ਚੱਲਣਗੀਆਂ।